ਅਮਰੀਕਾ ''ਚ ਲੱਖਾਂ ਪਰਿਵਾਰਾਂ ਨੂੰ ਮਿਲ ਸਕਦੀ ਹੈ ਇੰਟਰਨੈੱਟ ਸਬਸਿਡੀ
Sunday, Feb 28, 2021 - 05:50 PM (IST)
 
            
            ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਲੱਖਾਂ ਘੱਟ ਆਮਦਨੀ ਵਾਲੇ ਪਰਿਵਾਰਾਂ ਅਤੇ ਪਿਛਲੇ ਸਾਲ ਨੌਕਰੀ ਵਿੱਚ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਆਪਣੇ ਇੰਟਰਨੈਟ ਬਿੱਲਾਂ ਦੀ ਅਦਾਇਗੀ ਕਰਨ ਵਿੱਚ ਮਦਦ ਕਰਨ ਲਈ ਜਲਦੀ ਹੀ 50 ਡਾਲਰ ਦੀ ਮਹੀਨਾਵਾਰ ਸਬਸਿਡੀ ਮਿਲ ਸਕਦੀ ਹੈ। ਇਸ ਸੰਬੰਧੀ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (ਐਫ ਸੀ ਸੀ) ਨੇ ਵੀਰਵਾਰ ਨੂੰ ਮਹਾਮਾਰੀ ਦੌਰਾਨ ਵਧੇਰੇ ਘਰਾਂ ਨੂੰ ਇੰਟਰਨੈਟ ਦੀ ਵਰਤੋਂ ਕਰਨ ਵਿੱਚ ਸਹਾਇਤਾ ਲਈ ਸਹਾਇਤਾ ਪ੍ਰਦਾਨ ਕਰਨ ਲਈ 3.2 ਬਿਲੀਅਨ ਡਾਲਰ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਪ੍ਰੋਗਰਾਮ ਉਨ੍ਹਾਂ ਘਰਾਂ ਲਈ ਹੋਵੇਗਾ ਜੋ ਪਹਿਲਾਂ ਹੀ ਬ੍ਰਾਡਬੈਂਡ ਸੇਵਾ ਦੁਆਰਾ ਪੇਸ਼ ਕੀਤੇ ਗਏ ਮਹਾਮਾਰੀ ਜਾਂ ਘੱਟ ਆਮਦਨੀ ਰਾਹਤ ਪ੍ਰੋਗਰਾਮ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਹੀ ਘੱਟ ਆਮਦਨੀ ਵਾਲੇ ਲੋਕ ਜੋ ਕਿ ਐੱਫ ਸੀ ਸੀ ਦੇ ਲਾਈਫ ਲਾਈਨ ਪ੍ਰੋਗਰਾਮ ਅਧੀਨ ਹਨ ਅਤੇ ਉਹ ਘਰ ਜਿਨ੍ਹਾਂ ਦੇ ਬੱਚੇ ਮੁਫ਼ਤ ਜਾਂ ਘੱਟ ਰੇਟ ਤੇ ਸਕੂਲੀ ਖਾਣਾ ਪ੍ਰਾਪਤ ਕਰਦੇ ਹਨ, ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ। ਐਫ ਸੀ ਸੀ ਦੀ ਕਾਰਜਕਾਰੀ ਚੇਅਰਮੈਨ ਜੇਸਿਕਾ ਰੋਜ਼ਨਵਰਸੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਅਗਲੇ 60 ਦਿਨਾਂ ਵਿੱਚ ਯੋਗ ਘਰਾਂ ਲਈ ਖੁੱਲ੍ਹ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ-ਪਾਕਿ ਨੇ 17 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
ਐੱਫ ਸੀ ਸੀ ਦੇ ਰੋਜ਼ਨਵਰਸੈਲ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਵੀ ਹੈ ਜਿਨ੍ਹਾਂ ਨੂੰ ਵਾਈ ਫਾਈ ਸਿਗਨਲ ਲਈ ਪਾਰਕਾਂ ਜਾਂ ਪਬਲਿਕ ਲਾਇਬ੍ਰੇਰੀ ਦੇ ਬਾਹਰ ਬੈਠਣਾ ਪੈਂਦਾ ਹੈ, ਕਿਉਂਕਿ ਮਹਾਮਾਰੀ ਦੇ ਪ੍ਰਭਾਵ ਕਾਰਨ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਐੱਫ ਸੀ ਸੀ ਦੇ ਇਸ ਪ੍ਰੋਗਰਾਮ ਵਿੱਚ ਯੋਗ ਘਰਾਂ ਲਈ ਇੱਕ ਕੰਪਿਊਟਰ ਜਾਂ ਟੈਬਲੇਟ 'ਤੇ ਵੀ ਇਕ ਵਾਰ ਲਈ 100 ਡਾਲਰ ਦੀ ਛੂਟ ਸ਼ਾਮਿਲ ਹੋਵੇਗੀ ਅਤੇ ਕਿਸੇ ਕਬੀਲੇ ਵਿੱਚ ਰਹਿਣ ਵਾਲਿਆਂ ਲਈ ਇੰਟਰਨੈੱਟ ਸੇਵਾ ਦੀ ਛੂਟ ਇੱਕ ਮਹੀਨੇ ਵਿਚ 75 ਡਾਲਰ ਦੇ ਹਿਸਾਬ ਨਾਲ ਹੋਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            