ਅਮਰੀਕਾ: ਫੇਸ ਮਾਸਕ ਨਾਲ ਨੱਕ ਨਾ ਢਕਣ ''ਤੇ ਯਾਤਰੀ ਕਰ ਰਿਹੈ 9,000 ਡਾਲਰ ਜੁਰਮਾਨੇ ਦਾ ਸਾਹਮਣਾ
Wednesday, May 26, 2021 - 11:12 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਚਿਹਰੇ ਨੂੰ ਮਾਸਕ ਨਾਲ ਢਕਣਾ ਪ੍ਰਮੁੱਖ ਮੰਨਿਆ ਗਿਆ ਹੈ। ਇਸ ਬਚਾਅ ਵਿੱਚ ਮਾਸਕ ਨਾਲ ਨੱਕ ਨੂੰ ਢਕਣਾ ਵੀ ਬਹੁਤ ਜ਼ਰੂਰੀ ਹੈ।ਕਈ ਲੋਕ ਜਨਤਕ ਥਾਵਾਂ ਜਾਂ ਜਹਾਜ਼ਾਂ ਵਿੱਚ ਚਿਹਰੇ 'ਤੇ ਮਾਸਕ ਦੀ ਵਰਤੋਂ ਤਾਂ ਕਰਦੇ ਹਨ ਪਰ ਇਸ ਨਾਲ ਨੱਕ ਨੂੰ ਨਹੀਂ ਢਕਦੇ ਜੋ ਕਿ ਸਹੀ ਨਹੀਂ ਹੈ। ਇਸੇ ਤਰ੍ਹਾਂ ਦੀ ਲਾਪਰਵਾਹੀ ਇੱਕ ਫਲਾਈਟ ਵਿੱਚ ਕਰਕੇ ਇੱਕ ਯਾਤਰੀ 9000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰ ਰਿਹਾ ਹੈ।
ਅਧਿਕਾਰੀਆਂ ਅਨੁਸਾਰ ਇੱਕ ਵਿਅਕਤੀ ਨੂੰ ਕੈਲੀਫੋਰਨੀਆ ਤੋਂ ਟੈਕਸਾਸ ਲਈ ਸਾਊਥਵੈਸਟ ਏਅਰ ਲਾਈਨ ਦੀ ਫਲਾਈਟ ਦੌਰਾਨ, ਫੇਸ ਮਾਸਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ 'ਤੇ 9,000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਉਸ ਆਦਮੀ ਨੂੰ ਭੇਜੇ ਇੱਕ ਪੱਤਰ ਦੇ ਅਨੁਸਾਰ, ਉਡਾਣ ਦੌਰਾਨ ਫਲਾਈਟ ਅਟੈਂਡੇਂਟ ਨੇ ਇਸ ਯਾਤਰੀ ਨੂੰ ਮਾਸਕ ਨਾਲ ਆਪਣੀ ਨੱਕ ਨੂੰ ਢਕਣ ਦੀ ਬੇਨਤੀ ਕੀਤੀ ਗਈ ਪਰ ਯਾਤਰੀ ਵੱਲੋਂ ਅਜਿਹਾ ਨਾ ਕਰਕੇ ਕਰਮਚਾਰੀ ਨਾਲ ਬੁਰਾ ਵਿਵਹਾਰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਮੋਡਰਨਾ ਦਾ ਦਾਅਵਾ, ਵੈਕਸੀਨ 12 ਤੋਂ 17 ਸਾਲ ਦੇ ਬੱਚਿਆਂ 'ਤੇ 93 ਫੀਸਦੀ ਅਸਰਦਾਰ
ਇਸ ਉਪਰੰਤ ਫਲਾਈਟ ਅਟੈਂਡੇਂਟ ਨੇ ਉਸਨੂੰ ਮਾਸਕ ਨਾਲ ਨੱਕ ਢਕਣ ਦੀ ਜ਼ਰੂਰਤ ਬਾਰੇ ਦੱਸਿਆ ਪਰ ਯਾਤਰੀ ਨੇ ਮਾਸਕ ਨੂੰ ਸੁੱਟ ਦਿੱਤਾ ਅਤੇ ਇਸਨੂੰ ਪਹਿਣਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਟੈਕਸਾਸ ਵਿੱਚ ਮਾਸਕ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਯਾਤਰੀ ਦੇ ਇਸ ਵਿਵਹਾਰ ਕਰਕੇ ਫੈਡਰਲ ਐਵੀਏਸ਼ਨ ਅਥਾਰਟੀ (ਐਫ ਏ ਏ) ਨੇ ਉਸਨੂੰ 9,000 ਡਾਲਰ ਜੁਰਮਾਨਾ ਕਰਨ ਦਾ ਨੋਟਿਸ ਦਿੱਤਾ ਹੈ। ਇਸ ਯਾਤਰੀ ਨੂੰ 28 ਅਪ੍ਰੈਲ ਨੂੰ ਭੇਜੇ ਪੱਤਰ ਦਾ ਜਵਾਬ ਦੇਣ ਲਈ 30 ਦਿਨ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਐਫ ਏ ਏ ਵੱਲੋਂ ਮਹਾਮਾਰੀ ਦੌਰਾਨ ਫਲਾਈਟ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਅਤੇ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕਰਨ ਲਈ ਯਾਤਰੀਆਂ ਨੂੰ ਜੁਰਮਾਨੇ ਲਾਗੂ ਕੀਤੇ ਗਏ ਹਨ।