ਨਵੇਂ ਸਾਲ ''ਤੇ ਟਰੰਪ ਦੀ ਈਰਾਨ ਨੂੰ ਧਮਕੀ, ਕਿਹਾ- ''ਚੁਕਾਉਣੀ ਪਵੇਗੀ ਵੱਡੀ ਕੀਮਤ''

01/01/2020 10:06:07 AM

ਵਾਸ਼ਿੰਗਟਨ (ਬਿਊਰੋ): ਨਵੇਂ ਸਾਲ ਦੇ ਪਹਿਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ। ਅਸਲ ਵਿਚ ਇਰਾਕ ਦੇ ਬਗਦਾਦ ਵਿਚ ਸਥਿਤ ਅਮਰੀਕੀ ਦੂਤਾਵਾਸ ਦੇ ਬਾਹਰ ਈਰਾਨ ਦੇ ਹਜ਼ਾਰਾਂ ਸਮਰਥਕ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਦੂਤਾਵਾਸ 'ਤੇ ਪੱਥਰ ਸੁੱਟੇ ਗਏ। ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਜਵਾਬ ਵਿਚ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ,''ਜੇਕਰ ਅਮਰੀਕੀ ਦੂਤਾਵਾਸ ਦੇ ਕਿਸੇ ਵੀ ਮੈਂਬਰ ਨੂੰ ਨੁਕਸਾਨ ਪਹੁੰਚਿਆ ਤਾਂ ਈਰਾਨ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ। ਇਸ ਨੂੰ ਚਿਤਾਵਨੀ ਨਹੀਂ ਧਮਕੀ ਸਮਝੋ। ਹੈਪੀ ਨਿਊ ਯੀਅਰ।''

 

ਟਰੰਪ ਨੇ ਟਵੀਟ ਕੀਤਾ ਕਿ ਇਰਾਕ ਵਿਚ ਸਥਿਤ ਅਮਰੀਕੀ ਦੂਤਾਵਾਸ ਹਾਲੇ ਸੁਰੱਖਿਅਤ ਹੈ। ਸਾਡੇ ਕਈ ਲੜਾਕੂ ਜਵਾਨ ਸ਼ਾਨਦਾਰ ਤਕਨੀਕ ਦੇ ਨਾਲ ਉੱਥੇ ਮੌਜੂਦ ਹਨ। ਉਹ ਇਰਾਕ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁਣਗੇ ਕਿਉਂਕਿ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ।

ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਅਮਰੀਕਾ ਨੇ ਇਕ ਹਵਾਈ ਹਮਲੇ ਜ਼ਰੀਏ ਈਰਾਨ ਸਮਰਥਿਤ ਇਕ ਗੁੱਟ 'ਤੇ ਹਮਲਾ ਕੀਤਾ ਸੀ ਜਿਸ ਵਿਚ 25 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਦਾ ਦੋਸ਼ ਸੀ ਕਿ ਇਸ ਗੁੱਟ ਦਾ ਅਮਰੀਕੀ ਠੇਕੇਦਾਰ ਦੀ ਮੌਤ ਦੇ ਪਿੱਛੇ ਹੱਥ ਸੀ। ਇਸ ਦੇ ਵਿਰੋਧ ਵਿਚ ਇਰਾਕ ਵਿਚ ਈਰਾਨੀ ਸਮਰਥਕ ਅਮਰੀਕਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਸੀ।ਸੋਮਵਾਰ ਤੋਂ ਸ਼ੁਰੂ ਹੋਇਆ ਈਰਾਨੀ ਸਮਰਥਕਾਂ ਦਾ ਪ੍ਰਦਰਸ਼ਨ ਜਾਰੀ ਹੈ। ਇਰਾਕ ਅਤੇ ਸੀਰੀਆ ਸਮਰਥਿਤ ਹਿਜ਼ਬੁੱਲਾਹ ਬਾਗੀਆਂ 'ਤੇ ਅਮਰੀਕਾ ਦੇ ਹਵਾਈ ਹਮਲੇ ਦੇ ਵਿਰੋਧ ਵਿਚ ਸੋਮਵਾਰ (30 ਦਸੰਬਰ) ਨੂੰ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਦੂਤਾਵਾਸ ਨੂੰ ਘੇਰ ਲਿਆ ਸੀ ਅਤੇ ਬਾਹਰੀ ਵਾੜ ਵਿਚ ਅੱਗ ਲਗਾ ਦਿੱਤੀ ਸੀ। 

ਅਮਰੀਕੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਟੈਂਟ ਲਗਾਇਆ ਹੋਇਆ ਹੈ ਅਤੇ ਉੱਥੇ ਹੀ ਇਕੱਤਰ ਹਨ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ ਸੀ। ਇਸ ਦੌਰਾਨ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਸੀ। ਗੌਰਤਲਬ ਹੈ ਕਿ ਬੀਤੇ ਕੁਝ ਸਮੇਂ ਤੋਂ ਅਮਰੀਕਾ ਅਤੇ ਈਰਾਨ ਦੇ ਰਿਸ਼ਤਿਆਂ ਵਿਚ ਖਟਾਸ ਆ ਗਈ ਹੈ।


Vandana

Content Editor

Related News