ਅਮਰੀਕਾ ’ਚ ਸੀ.ਡੀ.ਸੀ. ਨੇ ਕੋਰੋਨਾ ਵਾਇਰਸ ਦੇ ‘ਡੈਲਟਾ ਵੈਰੀਐਂਟ’ ਨੂੰ ਚਿੰਤਾਜਨਕ ਸ਼੍ਰੇਣੀ ’ਚ ਪਾਇਆ
Thursday, Jun 17, 2021 - 03:46 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਭਾਰਤ ਵਿਚ ਸਭ ਤੋਂ ਪਹਿਲਾਂ ਪਾਏ ਗਏ ਕੋਰੋਨਾ ਵਾਇਰਸ ਦੇ ਬੇਹੱਦ ਛੂਤਕਾਰੀ ਡੈਲਟਾ ਵੈਰੀਐਂਟ ਨੂੰ ‘ਚਿੰਤਾਜਨਕ’ ਦੱਸਿਆ ਹੈ। ਸੀ.ਡੀ.ਸੀ. ਨੇ ਇਕ ਬਿਆਨ ਵਿਚ ਕਿਹਾ, ‘ਅਮਰੀਕਾ ਵਿਚ ਪਾਏ ਜਾ ਰਹੇ ਵਾਇਰਸ ਦੇ ਵੈਰੀਐਂਟ ਬੀ.1.1.7 (ਅਲਫਾ), ਬੀ.1.351 (ਬੀਟਾ), ਪੀ.1 (ਗਾਮਾ), ਬੀ.1.427 (ਐਪਸੀਲਨ), ਬੀ.1.429 (ਐਪਸੀਲਨ) ਅਤੇ ਬੀ.1.617.2 (ਡੈਲਟਾ) ਚਿੰਤਾ ਦਾ ਵਿਸ਼ਾ ਹਨ। ਅਮਰੀਕਾ ਵਿਚ ਹੁਣ ਤੱਕ ਅਜਿਹਾ ਕੋਈ ਵੈਰੀਐਂਟ ਨਹੀਂ ਹੈ, ਜਿਸ ਦਾ ਪ੍ਰਭਾਵ ਬਹੁਤ ਜ਼ਿਆਦਾ ਹੋਵੇ।’
ਉਸ ਨੇ ਕਿਹਾ ਕਿ ਡੈਲਟਾ ਵੈਰੀਐਂਟ ਵਿਚ ਪ੍ਰਸਾਰ ਸਮਰਥਾ ਜ਼ਿਆਦਾ ਹੈ। ਵਾਇਰਸ ਦੇ ਕਿਸੇ ਵੀ ਵੈਰੀਐਂਟ ਨੂੰ ਚਿੰਤਾਜਨਕ ਉਦੋਂ ਦੱਸਿਆ ਜਾਂਦਾ ਹੈ, ਜਦੋਂ ਵਿਗਿਆਨਕ ਮੰਨਦੇ ਹਨ ਕਿ ਉਹ ਜ਼ਿਆਦਾ ਛੂਤਕਾਰੀ ਹੈ ਅਤੇ ਗੰਭੀਰ ਰੂਪ ਨਾਲ ਬੀਮਾਰ ਕਰ ਰਿਹਾ ਹੈ। ਚਿੰਤਾਜਨਕ ਵੈਰੀਐਂਟ ਦੀ ਪਛਾਣ ਕਰਨ ਵਾਲੀ ਜਾਂਚ, ਇਲਾਜ ਅਤੇ ਟੀਕੇ ਵੀ ਇਸ ਖ਼ਿਲਾਫ਼ ਘੱਟ ਪ੍ਰਭਾਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ ਸੀ.ਡੀ.ਸੀ. ਨੇ ਡੈਲਟਾ ਵੈਰੀਐਂਟ ਬਾਰੇ ਵਿਚ ਕਿਹਾ ਸੀ ਕਿ ਇਸ ਵੈਰੀਐਂਟ ਦੇ ਬਾਰੇ ਵਿਚ ਹੋਰ ਖੋਜ ਦੀ ਜ਼ਰੂਰਤ ਹੈ। ਵਿਸ਼ਵ ਸਿਹਤ ਸੰਗਠਨ ਨੇ 10 ਮਈ ਨੂੰ ਡੈਲਟਾ ਨੂੰ ਚਿੰਤਾਜਨਕ ਵੈਰੀਐਂਟ ਦੱਸਿਆ ਸੀ।
ਸੀ.ਡੀ.ਸੀ. ਦੇ ਅਨੁਮਾਨ ਮੁਤਾਬਕ 5 ਜੂਨ ਤੱਕ ਅਮਰੀਕਾ ਵਿਚ ਕੋਰੋਨਾ ਦੇ ਮਾਮਲਿਆਂ ਵਿਚੋਂ 9.9 ਫ਼ੀਸਦੀ ਦੇ ਪਿੱਛੇ ਵਜ੍ਹਾ ਡੈਲਟਾ ਵੈਰੀਐਂਟ ਸੀ। ਵਾਇਰਸ ਦੇ ਰੂਪਾਂ ’ਤੇ ਨਜ਼ਰ ਰੱਖਣ ਵਾਲੀ ਵੈਬਸਾਈਟ ‘ਆਊਟਬ੍ਰੇਕ ਡੋਟ ਇੰਫੋ’ ਮੁਤਾਬਕ 13 ਜੂਨ ਤੱਕ ਡੈਲਟਾ ਵੈਰੀਐਂਟ ਦੇ ਮਾਮਲੇ 10.3 ਫੀਸਦੀ ਹੋ ਗਏ।