ਅਮਰੀਕਾ: ਕੈਲੀਫੋਰਨੀਆ ਜੰਗਲੀ ਅੱਗ ਨਾਲ ਨਜਿੱਠਣ ਲਈ ਕਰੇਗਾ 1,400 ਹੋਰ ਫਾਇਰ ਫਾਈਟਰਾਂ ਦੀ ਭਰਤੀ
Thursday, Apr 01, 2021 - 11:41 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਹਰ ਸਾਲ ਜੰਗਲੀ ਅੱਗ ਨਾਲ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ, ਜਿਸ ਕਰਕੇ ਇਸ ਸਾਲ ਅੱਗ ਦੇ ਮੌਸਮ ਤੋਂ ਪਹਿਲਾਂ, ਇਹ ਸੂਬਾ 1,400 ਵਾਧੂ ਮੌਸਮੀ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਭਰਤੀ ਕਰੇਗਾ। ਇਸ ਪ੍ਰਕਿਰਿਆ ਲਈ ਐਮਰਜੈਂਸੀ ਫੰਡਾਂ ਵਿੱਚ 80 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜਾਣਗੇ।
ਇਸ ਸੰਬੰਧੀ ਗਵਰਨਰ ਗੈਵਿਨ ਨਿਊਸਮ ਦੇ ਦਫ਼ਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਐਮਰਜੈਂਸੀ ਫੰਡ ਖਰਚੇ ਦੀ ਘੋਸ਼ਣਾ ਕੀਤੀ ਹੈ। ਨਿਊਸਮ ਅਨੁਸਾਰ ਕੈਲੀਫੋਰਨੀਆ ਵਿੱਚ, ਮੌਸਮੀ ਤਬਦੀਲੀ ਕਾਰਨ ਵਿਨਾਸ਼ਕਾਰੀ ਜੰਗਲੀ ਅੱਗ ਭਾਈਚਾਰਿਆਂ ਲਈ ਖ਼ਤਰਾ ਹੈ। ਇਸ ਲਈ ਇਹ ਫੰਡਿੰਗ ਅੱਗ ਬੁਝਾਉਣ ਵਾਲੇ ਕਾਮਿਆਂ ਨੂੰ ਜਾਨ ਬਚਾਉਣ ਲਈ ਸਹਾਇਤਾ ਦੇਵੇਗੀ। ਕੈਲੀਫੋਰਨੀਆ ਫਾਇਰ ਫਾਈਟਰਜ਼ ਦੀ ਯੂਨੀਅਨ ਕੈਲ ਫਾਇਰ ਸਥਾਨਕ 2881 ਦੇ ਪ੍ਰਧਾਨ ਟਿਮ ਐਡਵਰਡਜ਼ ਅਨੁਸਾਰ ਗਵਰਨਰ ਨਿਊਸਮ ਐਮਰਜੈਂਸੀ ਫੰਡ ਅਧਿਕਾਰਾਂ ਦੀ ਵਰਤੋਂ ਕਰਕੇ, ਸੂਬੇ ਵਿੱਚ ਜੰਗਲੀ ਅੱਗ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਮੌਸਮੀ ਫਾਇਰ ਫਾਈਟਰਜ਼ ਦੀ ਭਰਤੀ ਤੇ ਸਿਖਲਾਈ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਨਾਲ ਸੂਬੇ ਲਈ ਕੰਮ ਕਰ ਰਹੇ ਫਾਇਰ ਫਾਈਟਰਾਂ ਦੀ ਗਿਣਤੀ ਵਿੱਚ ਮਹੱਤਵਪੂਰਣ ਵਾਧਾ ਹੋਵੇਗਾ। ਐਡਵਰਡਜ਼ ਨੇ ਕਿਹਾ ਕਿ ਕੈਲੀਫੋਰਨੀਆ ਫਾਇਰ ਵਿਭਾਗ ਵਿੱਚ ਲੱਗਭਗ 5,400 ਫੁੱਲ ਟਾਈਮ ਅੱਗ ਬੁਝਾਊ ਕਰਮਚਾਰੀ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2020 ਵਿੱਚ ਕੈਲੀਫੋਰਨੀਆ 'ਚ ਜੰਗਲੀ ਅੱਗ ਨੇ ਬਹੁਤ ਵੱਡੇ ਪੱਧਰ 'ਤੇ ਤਬਾਹੀ ਮਚਾਈ ਸੀ।