ਅਮਰੀਕਾ : ਹਵਾਈ ਪੂਰੀ ਤਰ੍ਹਾਂ ਟੀਕਾ ਲੱਗੇ ਯਾਤਰੀਆਂ ਨੂੰ ਦੇਵੇਗਾ ਟੈਸਟਿੰਗ ਅਤੇ ਕੁਆਰੰਟਾਈਨ ਤੋਂ ਰਾਹਤ
Friday, Jun 25, 2021 - 07:13 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਹਵਾਈ ਅਗਲੇ ਤਕਰੀਬਨ ਦੋ ਹਫਤਿਆਂ ਵਿੱਚ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲੱਗੇ ਹੋਏ ਘਰੇਲੂ ਯਾਤਰੀਆਂ ਨੂੰ ਆਪਣੇ ਟੈਸਟਿੰਗ ਅਤੇ ਕੁਆਰੰਟਾਈਨ ਨਿਯਮਾਂ ਤੋਂ ਰਾਹਤ ਦੇਵੇਗਾ। ਇਸ ਸਬੰਧੀ ਗਵਰਨਰ ਡੇਵਿਡ ਇਗੇ ਨੇ ਵੀਰਵਾਰ ਜਾਣਕਾਰੀ ਦਿੱਤੀ ਕਿ ਸਟੇਟ 8 ਜੁਲਾਈ ਨੂੰ ਪੂਰੀ ਤਰ੍ਹਾਂ ਟੀਕੇ ਲਗਾਏ ਹੋਏ ਅਮਰੀਕੀ ਯਾਤਰੀਆਂ ਲਈ ਮੌਜੂਦਾ ਯਾਤਰਾ ਪਾਬੰਦੀਆਂ ਨੂੰ ਹਟਾ ਦੇਵੇਗਾ। ਇਸ ਛੋਟ ਤਹਿਤ ਯਾਤਰੀਆਂ ਨੂੰ ਆਪਣੇ ਟੀਕਾਕਰਨ ਦੇ ਕਾਰਡਾਂ ਨੂੰ ਰਾਜ ਦੀ ਵੈੱਬਸਾਈਟ 'ਤੇ ਅਪਲੋਡ ਕਰਨ ਦੇ ਨਾਲ ਯਾਤਰਾ ਦੌਰਾਨ ਇੱਕ ਹਾਰਡ ਕਾਪੀ ਲਿਆਉਣੀ ਵੀ ਜ਼ਰੂਰੀ ਹੋਵੇਗੀ।
ਹਵਾਈ ਦੇ ਗਵਰਨਰ ਅਨੁਸਾਰ ਸੂਬੇ ਵਿੱਚ ਉਸ ਸਮੇਂ ਤੱਕ ਟੀਕਾਕਰਨ ਦੀ ਦਰ 60 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਹਵਾਈ ਨੇ ਵੀ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਏਅਰਲਾਈਨਜ਼ ਦੀਆਂ ਟਿਕਟਾਂ ਅਤੇ ਰੈਸਟੋਰੈਂਟ ਵਿੱਚ ਛੋਟ ਦੇ ਐਲਾਨ ਕੀਤੇ ਹਨ। ਇਸ ਤੋਂ ਇਲਾਵਾ ਰੈਸਟੋਰੈਂਟ ਨੂੰ 8 ਜੁਲਾਈ ਤੋਂ ਆਪਣੀ ਸਮਰੱਥਾ ਦੇ 75 ਫੀਸਦੀ ਤੱਕ ਬੈਠ ਸਕਣਗੇ, ਹਾਲਾਂਕਿ ਟੇਬਲਾਂ ਵਿਚਕਾਰ ਸਮਾਜਕ ਦੂਰੀ ਨਿਯਮ ਬਣੇ ਰਹਿਣਗੇ ਅਤੇ ਘਰ ਦੇ ਅੰਦਰ ਇਕੱਠੇ ਹੋਣ ’ਤੇ ਲੋਕਾਂ ਨੂੰ ਅਜੇ ਵੀ ਮਾਸਕ ਪਹਿਨਣੇ ਪੈਣਗੇ, ਜਦਕਿ ਬਾਹਰ ਮਾਸਕ ਜ਼ਰੂਰੀ ਨਹੀਂ ਹਨ। ਹਵਾਈ ਵਿੱਚ ਟੀਕਾਕਰਨ ਦੀ ਦਰ 70 ਫੀਸਦੀ ਤੱਕ ਪਹੁੰਚਣ ’ਤੇ ਮਹਾਮਾਰੀ ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ। ਹਾਲਾਂਕਿ ਯਾਤਰਾ ਦੌਰਾਨ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਗਾਇਆ ਹੈ, ਉਨ੍ਹਾਂ ਨੂੰ ਹਵਾਈ ਯਾਤਰਾ ਕਰਨ ਤੋਂ ਪਹਿਲਾਂ ਨੈਗੇਟਿਵ ਕੋਰੋਨਾ ਵਾਇਰਸ ਟੈਸਟ ਕਰਵਾਉਣ ਦੀ ਲੋੜ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਹਵਾਈ ਵਿੱਚ ਕੋਵਿਡ-19 ਦੀ ਲਾਗ ਅਤੇ ਮੌਤ ਦੀ ਦਰ ਸਭ ਤੋਂ ਘੱਟ ਹੈ।