ਅਮਰੀਕਾ ''ਚ 11 ਸਾਲਾ ਵਿਦਿਆਰਥੀ ਗ੍ਰਿਫਤਾਰ

02/19/2019 5:41:57 PM

ਵਾਸ਼ਿੰਗਟਨ (ਵਾਰਤਾ)— ਅਮਰੀਕਾ ਦੇ ਫਲੋਰੀਡਾ ਸੂਬੇ ਵਿਚ 6ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਦਿਆਰਥੀ ਦੀ ਗ੍ਰਿਫਤਾਰੀ ਇਸ ਲਈ ਹੋਈ ਕਿਉਂਕਿ ਉਸ ਨੇ ਆਪਣੀ ਜਮਾਤ ਵਿਚ ਦੇਸ਼ ਦੇ ਰਾਸ਼ਟਰੀ ਝੰਡੇ ਪ੍ਰਤੀ ਵਫਾਦਾਰੀ ਪ੍ਰਗਟ ਕਰ ਕੇ ਲਏ ਜਾਣ ਵਾਲੇ ਪ੍ਰਣ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਵਿਦਿਆਰਥੀ ਨੂੰ ਪ੍ਰਣ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਲਈ ਨਹੀਂ ਸਗੋਂ ਸਿੱਖਿਆ ਕਾਰਜ ਵਿਚ ਰੁਕਾਵਟ ਪਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ। 

ਇਕ ਸਮਾਚਾਰ ਏਜੰਸੀ ਨੇ ਸਕੂਲ ਜ਼ਿਲਾ ਅਤੇ ਸਥਾਨਕ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ 11 ਸਾਲਾ ਵਿਦਿਆਰਥੀ ਨੇ 4 ਫਰਵਰੀ ਨੂੰ ਸਕੂਲ ਆਉਣ ਦੇ ਬਾਅਦ ਆਪਣੀ ਜਮਾਤ ਵਿਚ ਅਮਰੀਕਾ ਦੇ ਰਾਸ਼ਟਰੀ ਝੰਡੇ ਦੇ ਪ੍ਰਤੀ ਵਫਾਦਾਰੀ ਜ਼ਾਹਰ ਕਰਨ ਸਬੰਧੀ ਪ੍ਰਣ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦਿਆਰਥੀ ਨੇ ਗੈਰ ਗੋਰੇ ਲੋਕਾਂ ਨਾਲ ਕੀਤੇ ਜਾਣ ਵਾਲੇ ਨਸਲਵਾਦੀ ਅਤੇ ਅਪਮਾਨਜਨਕ ਰਵੱਈਏ ਦਾ ਹਵਾਲਾ ਦਿੰਦੇ ਹੋਏ ਪ੍ਰਣ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ। 

ਸਕੂਲ ਜ਼ਿਲਾ ਮੁਤਾਬਕ ਵਿਦਿਆਰਥੀ ਦੇ ਇਨਕਾਰ ਕਰਨ ਦੇ ਬਾਅਦ ਉਸ ਸਮੇਂ ਜਮਾਤ ਵਿਚ ਮੌਜੂਦ ਅਧਿਆਪਕ ਨੇ ਸਕੂਲ ਪ੍ਰਸ਼ਾਸਨ ਨੂੰ ਬੁਲਾਇਆ ਜਦਕਿ ਵਿਦਿਆਰਥੀਆਂ ਦਾ ਪ੍ਰਣ ਵਿਚ ਹਿੱਸਾ ਲੈਣਾ ਲਾਜ਼ਮੀ ਵੀ ਨਹੀ ਹੈ। ਪੁਲਸ ਨੇ ਦੱਸਿਆ ਕਿ ਸਕੂਲ ਦੇ ਇਕ ਪ੍ਰਸ਼ਾਸਕ ਅਤੇ ਇਕ ਹੋਰ ਅਧਿਕਾਰੀ ਨੇ ਜਮਾਤ ਵਿਚ ਆ ਕੇ ਵਿਦਿਆਰਥੀ ਨੂੰ ਬਾਹਰ ਚਲੇ ਜਾਣ ਲਈ ਕਿਹਾ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। 

ਮੁੰਡੇ ਦੀ ਮਾਂ ਧਾਕਿਰਾ ਤਲਬੋਟ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਉਸ ਦੇ ਬੇਟੇ ਨੂੰ ਸਕੂਲ ਵਿਚ ਧਮਕਾਇਆ ਗਿਆ ਸੀ। ਉਨ੍ਹਾਂ ਨੇ ਕਿਹਾ,''ਮੇਰੇ ਮੁੰਡੇ ਨੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਹੈ ਅਤੇ ਸਕੂਲ ਪ੍ਰ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਵੱਖਰੇ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਸੀ। ਜੇਕਰ ਕੋਈ ਅਨੁਸ਼ਾਸਨੀ ਕਾਰਵਾਈ ਕਰਨੀ ਹੀ ਸੀ ਤਾਂ ਸਕੂਲ ਵਿਚ ਕਰਨੀ ਚਾਹੀਦੀ ਸੀ।''


Vandana

Content Editor

Related News