ਅਮਰੀਕਾ : ਟੈਕਸਾਸ ਦੇ ਨਾਈਟ ਕਲੱਬ ’ਚ ਚੱਲੀਆਂ ਗੋਲੀਆਂ, 1 ਦੀ ਮੌਤ ਤੇ 5 ਜ਼ਖ਼ਮੀ

Monday, Aug 09, 2021 - 11:51 PM (IST)

ਅਮਰੀਕਾ : ਟੈਕਸਾਸ ਦੇ ਨਾਈਟ ਕਲੱਬ ’ਚ ਚੱਲੀਆਂ ਗੋਲੀਆਂ, 1 ਦੀ ਮੌਤ ਤੇ 5 ਜ਼ਖ਼ਮੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਟੈਕਸਾਸ ਦੇ ਇੱਕ ਨਾਈਟ ਕਲੱਬ ’ਚ ਐਤਵਾਰ ਸਵੇਰੇ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ’ਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਇਸ ਘਟਨਾ ਬਾਰੇ ਹੈਰਿਸ ਕਾਉਂਟੀ ਦੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਹਿਊਸਟਨ ਦੇ ਵਿਜ਼ਨਜ਼ ਨਾਈਟ ਕਲੱਬ ਅੰਦਰ ਇਹ ਗੋਲੀਬਾਰੀ ਹੋਈ ਹੈ। ਅਧਿਕਾਰੀਆਂ ਅਨੁਸਾਰ ਕਲੱਬ ’ਚ ਕੁਝ ਲੋਕਾਂ ਦਰਮਿਆਨ ਲੜਾਈ ਹੋਈ, ਜਿਸ ਉਪਰੰਤ ਕਈ ਵਿਅਕਤੀਆਂ ਨੇ ਹਥਿਆਰ ਕੱਢ ਕੇ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਨਾਪਾਕ ਇਰਾਦੇ, 8 ਸਾਲਾ ਮਾਸੂਮ ਹਿੰਦੂ ਬੱਚੇ ਨੂੰ ਬਣਾਇਆ ਈਸ਼ਨਿੰਦਾ ਦਾ ਦੋਸ਼ੀ

ਅਧਿਕਾਰੀਆਂ ਵੱਲੋਂ ਕਾਰਵਾਈ ਦੌਰਾਨ ਕਲੱਬ ’ਚ ਪਹੁੰਚਣ ’ਤੇ ਡੇਰਿਕ ਜਾਨਸਨ ਨਾਂ ਦੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ 4 ਲੋਕਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਦਕਿ ਇੱਕ ਹੋਰ ਵਿਅਕਤੀ ਦੇ ਸਿਰ ’ਚ ਗੋਲੀ ਲੱਗੀ ਪਰ ਉਸ ਦੇ ਬਚਣ ਦੀ ਉਮੀਦ ਹੈ। ਜਦੋਂ ਲੜਾਈ ਸ਼ੁਰੂ ਹੋਈ ਤਾਂ ਲੱਗਭਗ 100 ਲੋਕ ਕਲੱਬ ਦੀ ਇੱਕ ਪ੍ਰਾਈਵੇਟ ਪਾਰਟੀ ’ਚ ਸ਼ਾਮਲ ਸਨ। ਪੁਲਸ ਨੂੰ ਘਟਨਾ ਸਥਾਨ ’ਤੇ ਕੁਝ ਹਥਿਆਰ ਵੀ ਬਰਾਮਦ ਹੋਏ ਹਨ। ਪੁਲਸ ਅਨੁਸਾਰ ਫਿਲਹਾਲ ਗੋਲੀਬਾਰੀ ਦੇ ਸੰਬੰਧ ’ਚ ਕਿਸੇ ਉੱਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਅਤੇ ਇਸ ਜਾਨਲੇਵਾ ਘਟਨਾ ਦੀ ਜਾਂਚ ਜਾਰੀ ਹੈ।


author

Manoj

Content Editor

Related News