18 ਅਰਬ ਡਾਲਰ ਤੱਕ ਪਹੁੰਚ ਜਾਵੇਗਾ ਭਾਰਤ ਨਾਲ ਅਮਰੀਕਾ ਦਾ ਵਪਾਰ: ਪੈਂਟਾਗਨ

10/20/2019 3:40:12 PM

ਵਾਸ਼ਿੰਗਟਨ— ਅਗਲੇ ਹਫਤੇ ਦਿੱਲੀ 'ਚ ਭਾਰਤ-ਅਮਰੀਕਾ ਰੱਖਿਆ ਤਕਨੀਕ ਤੇ ਕਾਰੋਬਾਰ ਇਨੀਸ਼ੀਏਟਿਵ (ਡੀ.ਟੀ.ਟੀ.ਆਈ.) ਦੀ 9ਵੀਂ ਬੈਠਕ ਤੋਂ ਠੀਕ ਪਹਿਲਾਂ ਸ਼ਨੀਵਾਰ ਨੂੰ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਰੱਖਿਆ ਖਰੀਦ ਉਪ ਮੰਤਰੀ ਐਲੇਨ ਐੱਮ. ਲਾਰਡ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੀਆਂ ਫੌਜਾਂ ਦੇ ਵਿਚਾਲੇ ਸਬੰਧ ਤੇ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ ਵਾਸ਼ਿੰਗਟਨ ਨਵੀਂ ਦਿੱਲੀ ਦੇ ਨਾਲ ਆਪਣੀ ਸਾਂਝੇਦਾਰੀ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਪੈਂਟਾਗਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਦੋ-ਪੱਖੀ ਰੱਖਿਆ ਕਾਰੋਬਾਰ ਜੋ ਕਿ 2008  'ਚ ਸ਼ੁਰੂਆਤ 'ਚ ਜ਼ੀਰੋ ਸੀ, ਉਸ ਦੇ ਇਸ ਸਾਲ ਦੇ ਅਖੀਰ ਤੱਕ 18 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਲਾਰਡ ਦਿੱਲੀ 'ਚ ਅਗਲੇ ਹਫਤੇ ਹੋਣ ਵਾਲੀ ਡੀ.ਟੀ.ਟੀ.ਆਈ. ਦੀ ਬੈਠਕ ਦੀ ਸਹਿ ਪ੍ਰਧਾਨਗੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਪਿਛਲੇ ਸਾਲ ਭਾਰਤ ਨੂੰ ਇੰਡੀਆ ਸਟ੍ਰੈਟੇਜਿਕ ਟ੍ਰੇਡ ਅਥਾਰਟੀ ਟਿਅਰ1 ਦਾ ਦਰਜਾ ਦਿੱਤਾ ਸੀ, ਜੋ ਕਿ ਭਾਰਤ ਨੂੰ ਨਾਟੋ ਸਹਿਯੋਗੀ ਜਾਪਾਨ, ਦੱਖਣੀ ਕੋਰੀਆ ਤੇ ਆਸਟ੍ਰੇਲੀਆ ਜਿੰਨੇ ਹੀ ਅਧਿਕਾਰ ਦਿੰਦਾ ਹੈ।

ਭਾਰਤ ਨੂੰ ਰਿਸ਼ਤੇ 'ਚ ਤਵੱਜੋ ਦੇ ਰਿਹੈ ਅਮਰੀਕਾ
ਐਲੇਨ ਐੱਮ. ਲਾਰਡ ਨੇ ਕਿਹਾ ਕਿ ਜਿਵੇਂ ਅਮਰੀਕੀ ਰੱਖਿਆ ਵਿਭਾਗ ਡੀ.ਟੀ.ਟੀ.ਆਈ. ਦੇ ਲਈ ਕਹਿੰਦਾ ਹੈ, ਉਸੇ ਤਰ੍ਹਾਂ ਮੈਂ ਆਪਣੇ ਭਾਰਤੀ ਪ੍ਰਮੁੱਖ ਰੱਖਿਆ ਸਾਂਝੇਦਾਰ ਦੇ ਨਾਲ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ। ਉਨ੍ਹਾਂ ਨੇ ਕਿਹਾ ਕਿ ਅਜਿਹਾ ਦਰਜਾ ਮਿਲਣ ਤੋਂ ਬਾਅਦ ਅਮਰੀਕੀ ਕੰਪਨੀਆਂ ਸਿੱਧੇ ਤੌਰ 'ਤੇ ਭਾਰਤ ਨੂੰ ਉੱਚ ਤਕਨੀਕ ਵਾਲੇ ਹਥਿਆਰ ਮੁਹੱਈਆ ਕਰਾ ਸਕਦੀਆਂ ਹਨ। ਇਨ੍ਹਾਂ ਸਾਰੀਆਂ ਉਦਾਹਰਨਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ 'ਚ ਭਾਰਤ ਦੇ ਨਾਲ ਰਿਸ਼ਤੇ 'ਤੇ ਖਾਸੀ ਤਵੱਜੋ ਦੇ ਰਿਹਾ ਹੈ।


Baljit Singh

Content Editor

Related News