ਅਮਰੀਕਾ ਯੂਕ੍ਰੇਨ ਨੂੰ ਭੇਜੇਗਾ 300 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ : ਅਧਿਕਾਰੀ
Wednesday, May 03, 2023 - 11:14 AM (IST)
ਵਾਸ਼ਿੰਗਟਨ (ਭਾਸ਼ਾ)- ਯੂਕ੍ਰੇਨ 'ਤੇ ਰੂਸੀ ਹਮਲਿਆਂ ਦੌਰਾਨ ਅਮਰੀਕਾ ਯੂਕ੍ਰੇਨ ਨੂੰ ਲਗਭਗ 30 ਕਰੋੜ ਡਾਲਰ ਦੀ ਵਾਧੂ ਫ਼ੌਜੀ ਸਹਾਇਤਾ ਭੇਜ ਰਿਹਾ ਹੈ, ਜਿਸ ਵਿਚ ਭਾਰੀ ਮਾਤਰਾ ਵਿਚ ਰਾਕੇਟ ਅਤੇ ਗੋਲਾ-ਬਾਰੂਦ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਦਿੱਤੇ ਜਾ ਰਹੇ ਇਸ ਨਵੇਂ ਪੈਕੇਜ 'ਚ ਲੜਾਕੂ ਜਹਾਜ਼ਾਂ ਤੋਂ ਦਾਗੇ ਜਾਣ ਵਾਲੇ ਮਾਰੂ ਹਾਈਡਰਾ-70 ਰਾਕੇਟ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ, ਮੋਰਟਾਰ, ਹਾਵਿਟਜ਼ਰ ਰਾਊਂਡ, ਮਿਜ਼ਾਈਲਾਂ, ਰਾਈਫਲਾਂ ਦੇ ਨਾਲ-ਨਾਲ ਭਾਰੀ ਮਾਤਰਾ 'ਚ ਰਾਕੇਟ ਵੀ ਸ਼ਾਮਲ ਹਨ। ਇਨ੍ਹਾਂ ਹਥਿਆਰਾਂ ਨੂੰ ਪੈਂਟਾਗਨ ਦੇ ਸਟਾਕ ਤੋਂ ਯੂਕ੍ਰੇਨ ਭੇਜਿਆ ਜਾਵੇਗਾ ਤਾਂ ਕਿ ਡਿਲੀਵਰੀ ਦੀ ਪ੍ਰਕਿਰਿਆ ਨੂੰ ਜਲਦ ਪੂਰਾ ਕੀਤਾ ਜਾ ਸਕੇ। ਅਮਰੀਕਾ ਵੱਲੋਂ ਹਥਿਆਰਾਂ ਦੀ ਇਹ ਖੇਪ ਅਜਿਹੇ ਸਮੇਂ ਵਿੱਚ ਮੁਹੱਈਆ ਕਰਵਾਈ ਜਾ ਰਹੀ ਹੈ ਜਦੋਂ ਯੂਕ੍ਰੇਨ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਉਹ ਰੂਸ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਲਈ ਤਿਆਰ ਹਨ। ਯੂਕ੍ਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਸੋਮਵਾਰ ਨੂੰ ਕਿਹਾ ਕਿ ਹਮਲੇ ਨੂੰ ਸਫਲ ਬਣਾਉਣ ਲਈ ਹਥਿਆਰਾਂ ਦੀ ਉਪਲਬਧਤਾ ਬਹੁਤ ਮਹੱਤਵਪੂਰਨ ਹੈ।