ਅਮਰੀਕਾ ਨੇ ਅਫਗਾਨਿਸਤਾਨ ਦਾ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦਾ ਦਰਜਾ ਕੀਤਾ ਖ਼ਤਮ
Saturday, Sep 24, 2022 - 10:27 AM (IST)
ਵਾਸ਼ਿੰਗਟਨ (ਏਜੰਸੀ)- ਕਾਬੁਲ ਦਾ ਸ਼ਾਸਨ ਤਾਲਿਬਾਨ ਦੇ ਹੱਥਾਂ ਵਿਚ ਜਾਣ ਦੇ ਇੱਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਫਗਾਨਿਸਤਾਨ ਦਾ ਇੱਕ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ ਕਰ ਦਿੱਤਾ ਹੈ। ਅਮਰੀਕਾ ਨੇ 2012 ਵਿੱਚ ਅਫਗਾਨਿਸਤਾਨ ਨੂੰ ਇੱਕ ਪ੍ਰਮੁੱਖ ਗੈਰ-ਨਾਟੋ ਸਹਿਯੋਗੀ (ਐੱਮ.ਐੱਨ.ਐੱਨ.ਏ.) ਦਾ ਦਰਜਾ ਦਿੱਤਾ ਸੀ, ਜਿਸ ਰਾਹੀਂ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਆਰਥਿਕ ਸਬੰਧ ਬਰਕਰਾਰ ਸਨ। ਇਸ ਦਰਜੇ ਕਾਰਨ ਅਫਗਾਨਿਸਤਾਨ ਨੂੰ ਰੱਖਿਆ ਅਤੇ ਸੁਰੱਖਿਆ ਨਾਲ ਸਬੰਧਤ ਬਹੁਤ ਸਾਰੀਆਂ ਸਹਾਇਤਾ ਅਤੇ ਸਹੂਲਤਾਂ ਹਾਸਲ ਸਨ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਬਜ਼ੁਰਗ ਏਅਰ ਹੋਸਟੈੱਸ, 65 ਸਾਲ ਦੀ ਨੌਕਰੀ ਨਾਲ ਬਣਾਇਆ ਵਰਲਡ ਰਿਕਾਰਡ
ਬਾਈਡੇਨ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਭੇਜੇ ਇੱਕ ਮੈਮੋਰੰਡਮ ਵਿੱਚ ਕਿਹਾ, 'ਅਮਰੀਕਾ ਦੇ ਸੰਵਿਧਾਨ ਅਤੇ ਕਾਨੂੰਨ ਤਹਿਤ ਰਾਸ਼ਟਰਪਤੀ ਦੇ ਰੂਪ ਵਿੱਚ ਮੈਨੂੰ ਪ੍ਰਾਪਤ ਸ਼ਕਤੀ ਦੇ ਅਧੀਨ, ਜਿਸ ਵਿਚ ਵਿਦੇਸ਼ੀ ਸਹਾਇਤਾ ਐਕਟ 1961 ਵੀ ਸ਼ਾਮਲ ਹੈ,...ਮੈਂ ਅਫਗਾਨਿਸਤਾਨ ਨੂੰ ਦਿੱਤੇ ਗਏ ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਦੇ ਦਰਜੇ ਨੂੰ ਖ਼ਤਮ ਕਰਦਾ ਹਾਂ।'
ਇਹ ਵੀ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਟਰੂਡੋ ਸਰਕਾਰ ਨੇ ਲਿਆ ਅਹਿਮ ਫ਼ੈਸਲਾ
MNNA ਦਾ ਦਰਜਾ ਪਹਿਲੀ ਵਾਰ 1987 ਵਿੱਚ ਸ਼ੁਰੂ ਕੀਤਾ ਗਿਆ ਸੀ। ਅਮਰੀਕੀ ਵਿਦੇਸ਼ ਮੰਤਰਾਲਾ ਅਨੁਸਾਰ ਅਫਗਾਨਿਸਤਾਨ ਦਾ MNNA ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਹੁਣ ਅਮਰੀਕਾ ਕੋਲ 18 ਪ੍ਰਮੁੱਖ ਗੈਰ-ਨਾਟੋ ਸਹਿਯੋਗੀ ਰਹਿ ਗਏ ਹਨ। ਇਨ੍ਹਾਂ ਵਿੱਚ ਅਰਜਨਟੀਨਾ, ਆਸਟਰੇਲੀਆ, ਬਹਿਰੀਨ, ਬ੍ਰਾਜ਼ੀਲ, ਕੋਲੰਬੀਆ, ਮਿਸਰ, ਇਜ਼ਰਾਈਲ, ਜਾਪਾਨ, ਜਾਰਡਨ, ਕੁਵੈਤ, ਮੋਰੋਕੋ, ਨਿਊਜ਼ੀਲੈਂਡ, ਪਾਕਿਸਤਾਨ, ਫਿਲੀਪੀਨਜ਼, ਕਤਰ, ਦੱਖਣੀ ਕੋਰੀਆ, ਥਾਈਲੈਂਡ ਅਤੇ ਟਿਊਨੀਸ਼ੀਆ ਸ਼ਾਮਲ ਹਨ। ਵਿਦੇਸ਼ ਵਿਭਾਗ ਅਨੁਸਾਰ ਤਾਈਵਾਨ ਨੂੰ ਰਸਮੀ ਦਰਜਾ ਦਿੱਤੇ ਬਿਨਾਂ ਵੀ ਅਮਰੀਕਾ ਦੇ ਗੈਰ-ਨਾਟੋ ਸਹਿਯੋਗੀ ਦੇ ਰੂਪ ਵਿਚ ਮੰਨਿਆ ਜਾਂਦਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।