ਪਾਕਿ ਦੇ ਬਿਨਾਂ ਅਮਰੀਕਾ-ਤਾਲਿਬਾਨ ਸ਼ਾਂਤੀ ਵਾਰਤਾ ਅਸੰਭਵ ਸੀ - ਕੁਰੈਸ਼ੀ

02/22/2020 11:47:12 PM

ਇਸਲਾਮਾਬਾਦ - ਅਮਰੀਕਾ ਅਤੇ ਅਫਗਾਨ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਕ੍ਰੈਡਿਟ ਲੈਂਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਦੇਸ਼ ਨੇ ਸਫਲ ਵਾਰਤਾ ਵਿਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਅਮਰੀਕਾ ਨਾਲ ਕੀਤੇ ਗਏ ਆਪਣੇ ਸਾਰਿਆਂ ਵਾਅਦਿਆਂ ਨੂੰ ਪੂਰਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਅਫਗਾਨਿਸਤਾਨ ਵਿਚ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਕ ਸਮਝੌਤਾ ਹੋ ਸਕਦਾ ਹੈ। ਪੋਂਪੀਓ ਮੁਤਾਬਕ ਅਗਲੇ ਹਫਤੇ ਅਮਰੀਕਾ ਤਾਲਿਬਾਨ ਸਮਝੌਤੇ 'ਤੇ ਹਸਤਾਖਰ ਹੋ ਸਕਦੇ ਹਨ। ਇਹ ਇਤਿਹਾਸਕ ਸਮਝੌਤਾ ਅਮਰੀਕਾ ਦੇ ਲੰਬੇ ਵਿਵਾਦ ਨੂੰ ਖਤਮ ਕਰਨ ਦਾ ਰਾਹ ਸਾਫ ਕਰੇਗਾ। ਕੁਰੈਸ਼ੀ ਨੇ ਇਸ ਸੌਦੇ ਨੂੰ ਇਕ ਇਤਿਹਾਸਕ ਸਫਲਤਾ ਕਰਾਰ ਦਿੰਦੇ ਹੋਏ ਆਖਿਆ ਕਿ ਇਸ ਦੇ ਲਈ ਪਾਕਿਸਤਾਨ ਨੇ ਅਹਿਮ ਭੂਮਿਕਾ ਨਿਭਾਈ। ਕੁਰੈਸ਼ੀ ਨੇ ਆਖਿਆ ਕਿ ਪਾਕਿਸਤਾਨ ਪੂਰੀ ਪ੍ਰਕਿਰਿਆ ਵਿਚ ਸ਼ਾਮਲ ਸੀ।

ਵਿਦੇਸ਼ ਮੰਤਰਾਲੇ ਨੇ ਕੁਰੈਸ਼ੀ ਦੇ ਹਵਾਲੇ ਤੋਂ ਆਖਿਆ ਕਿ ਇਸ ਸੌਦੇ 'ਤੇ ਪਾਕਿਸਤਾਨ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ ਜਾਣਗੇ, ਕਿਉਂਕਿ ਸਾਡੇ ਯਤਨਾਂ ਦੇ ਬਿਨਾਂ ਇਹ ਸੌਦਾ ਸੰਭਵ ਸੀ। ਉਨ੍ਹਾਂ ਨੇ ਆਖਿਆ ਕਿ ਪਾਕਿਸਤਾਨ ਨੇ ਸ਼ਾਂਤੀ ਪ੍ਰਕਿਰਿਆ ਵਿਚ ਪੂਰੀ ਈਮਾਨਦਾਰੀ ਦੇ ਨਾਲ ਆਪਣੀ ਭੂਮਿਕਾ ਨਿਭਾਈ ਹੈ ਅਤੇ ਇਹ ਹੁਣ ਅਫਗਾਨ ਸਰਕਾਰ ਦੇ ਅਜਿਹਾ ਕਰਨ ਦੀ ਬਾਰੀ ਹੈ। ਕੁਰੈਸ਼ੀ ਨੇ ਆਖਿਆ ਕਿ ਜਦ ਪੋਂਪੀਓ ਪਿਛਲੇ ਸਾਲ ਪਾਕਿਸਤਾਨ ਆਏ ਸਨ ਤਾਂ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਚੰਗੇ ਨਹੀਂ ਸਨ। ਕੁਰੈਸ਼ੀ ਨੇ ਆਖਿਆ ਕਿ ਪੋਂਪੀਓ ਨੇ ਮੈਨੂੰ ਦੱਸਿਆ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਬਿਹਤਰ ਕਰਨ ਦਾ ਰਾਹ ਕਾਬੁਲ ਤੋਂ ਹੋ ਲੰਘਦਾ ਹੈ। ਹੁਣ ਮੈਂ ਉਨ੍ਹਾਂ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ, ਨਾ ਸਿਰਫ ਅਸੀਂ ਇਕ ਸ਼ਾਂਤੀ ਟੀਮ ਦਾ ਨਿਰਮਾਣ ਕੀਤਾ, ਬਲਕਿ ਅਸੀਂ ਵਾਰਤਾ ਸਫਲ ਕਰਨ ਵਿਚ ਵੀ ਆਪਣੀ ਭੂਮਿਕਾ ਨਿਭਾਈ।


Khushdeep Jassi

Content Editor

Related News