ਅਰਦਾਸ ਨਾਲ ਸ਼ੁਰੂ ਹੋਇਆ ਅਮਰੀਕੀ ਸੈਨੇਟ ਦਾ ਇਜਲਾਸ, ਸਿੱਖਾਂ ਦਾ ਮਹੱਤਵਪੂਰਨ ਮਤਾ ਪਾਸ

04/24/2017 1:03:33 PM

ਵਾਸ਼ਿੰਗਟਨ—ਅਮਰੀਕਾ ਦੇ ਸੂਬੇ ਇੰਡੀਆਨਾ ਨੇ ਸਰਬਸੰਮਤੀ ਨਾਲ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੇ ਵਿਕਾਸ ਵਿਚ ਪਾਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ ਕੀਤਾ। ਮਤੇ ਵਿਚ ਕਿਹਾ ਗਿਆ ਕਿ ਕੌਮੀ ਸਿੱਖ ਦਿਹਾੜੇ ਵਿਸਾਖੀ ਮੌਕੇ ਇੰਡੀਆਨਾ ਸੈਨੇਟ, ਅਮਰੀਕੀ ਸਿੱਖਾਂ ਵੱਲੋਂ ਦੇਸ਼ ਭਰ ਅਤੇ ਇੰਡੀਆਨਾ ਸੂਬੇ ਲਈ ਪਾਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਇਹ ਮਤਾ ਇੰਡੀਆਨਾ ਦੇ ਉੱਪ ਰਾਜਪਾਲ ਸੁਜ਼ੇਨ ਕਰੋਚ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਸਿੱਖ ਸਿਆਸੀ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ ਸੈਨੇਟ ਦੇ ਇਜਲਾਸ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ। 
ਅਮਰੀਕੀ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਇਸ ਮਤੇ ਦਾ ਸਮਰਥਨ ਕੀਤਾ। ਗੁਰਿੰਦਰ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿਚ ਇਸ ਮਤੇ ਦਾ ਪਾਸ ਹੋਣਾ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗਾ। ਅਮਰੀਕਾ ਵਿਚ ਇਸ ਨੂੰ ਸਿੱਖਾਂ ਲਈ ਇਕ ਵਿਸ਼ੇਸ਼ ਅਤੇ ਮਹੱਤਵਪੂਰਨ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਗੁਰਿੰਦਰ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਇਨ੍ਹਾਂ ਯਤਨਾਂ ਨਾਲ ਸਿੱਖਾਂ ਦੀ ਨਿਰਸੁਆਰਥ ਸੇਵਾ ਕਰਨ ਵਾਲੀ ਭਾਵਨਾ ਦੇ ਸੱਭਿਆਚਾਰ ਦਾ ਵਿਸਥਾਰ ਹੋਵੇਗਾ।
ਇੱਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਵਿਕਾਸ ਵਿਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਵਾਲਾ ਇਕ ਵੀਡੀਓ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ਇਸ਼ਤਿਹਾਰ ਦਾ ਸਿਰਲੇਖ ''ਵੀ ਆਰ ਸਿੱਖਸ'' ਹੈ, ਜਿਸ ਵਿਚ ਵੱਖ-ਵੱਖ ਖਿੱਤੇ ਵਿਚ ਆਪਣਾ ਯੋਗਦਾਨ ਦੇਣ ਵਾਲੇ ਸਿੱਖ ਇਸ ਧਰਮ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ।

Kulvinder Mahi

News Editor

Related News