ਅਮਰੀਕਾ ਹਾਂਗਕਾਂਗ ਦੇ ਪ੍ਰਦਰਸ਼ਾਕਾਰੀਆਂ ਨੂੰ ਗਲਤ ਸੰਦੇਸ਼ ਦੇਣਾ ਬੰਦ ਕਰੇ : ਚੀਨ

Thursday, Aug 08, 2019 - 11:19 PM (IST)

ਅਮਰੀਕਾ ਹਾਂਗਕਾਂਗ ਦੇ ਪ੍ਰਦਰਸ਼ਾਕਾਰੀਆਂ ਨੂੰ ਗਲਤ ਸੰਦੇਸ਼ ਦੇਣਾ ਬੰਦ ਕਰੇ : ਚੀਨ

ਹਾਂਗਕਾਂਗ - ਹਾਂਗਕਾਂਗ ਮਾਮਲੇ 'ਚ ਅਮਰੀਕੀ ਦਖਲਅੰਦਾਜ਼ੀ 'ਤੇ ਚੀਨ ਨੇ ਨਰਾਜ਼ਗੀ ਜਤਾਈ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਹਾਂਗਕਾਂਗ ਦਫਤਰ ਨੇ ਵੀਰਵਾਰ ਨੂੰ ਅਮਰੀਕੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਾਂਗਕਾਂਗ ਦੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਗਲਤ ਸੰਦੇਸ਼ ਦੇਣਾ ਬੰਦ ਕਰ ਦੇਣ। ਚੀਨ ਨੇ ਅਮਰੀਕਾ ਤੋਂ ਮੀਡੀਆ 'ਚ ਆਈਆਂ ਇਨਾਂ ਖਬਰਾਂ 'ਤੇ ਵੀ ਸਪੱਸ਼ਟੀਕਰਣ ਮੰਗਿਆ ਹੈ, ਜਿਨਾਂ 'ਚ ਦੱਸਿਆ ਗਿਆ ਕਿ ਅਮਰੀਕੀ ਅਧਿਕਾਰੀ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਦੇ ਸੰਪਰਕ 'ਚ ਹਨ।

ਹਾਂਗਕਾਂਗ 'ਚ ਪ੍ਰਸਤਾਵਿਤ ਹਵਾਲਗੀ ਕਾਨੂੰਨ ਖਿਲਾਫ ਪਿਛਲੇ ਜੂਨ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਕਾਨੂੰਨ 'ਚ ਦੋਸ਼ੀਆਂ ਨੂੰ ਚੀਨ ਹਵਾਲੇ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਵਿਚਾਲੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਉਹ ਹਫਤੇ ਦੇ ਆਖਿਰ ਦੌਰਾਨ ਹਾਂਗਕਾਂਗ ਦੇ ਕਈ ਜ਼ਿਲਿਆਂ 'ਚ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਕਰਨਗੇ। ਜਦਕਿ ਹਾਂਗਕਾਂਗ ਦੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਤੋਂ ਸ਼ਾਂਤੀਪੂਰਣ ਪ੍ਰਦਰਸ਼ਨ ਦੀ ਅਪੀਲ ਕੀਤੀ ਹੈ। ਪੁਲਸ ਨੇ ਪਿਛਲੇ ਜੂਨ ਤੋਂ ਹੁਣ ਤੱਕ 600 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਲੋਕਾਂ 'ਚ 13 ਸਾਲ ਦਾ ਇਕ ਬਾਲਕ ਵੀ ਸ਼ਾਮਲ ਹੈ।

ਪਿਛਲੇ ਮਹੀਨੇ ਵੀ ਕੀਤਾ ਸੀ ਨਰਾਜ਼ਗੀ ਦਾ ਇਜ਼ਹਾਰ
ਹਾਂਗਕਾਂਗ ਮਾਮਲੇ 'ਚ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਯੂਨੀਅਨ (ਈ. ਯੂ.) ਦੇ ਦਖਲ ਨਾਲ ਚੀਨ ਪਿਛਲੇ ਮਹੀਨੇ ਵੀ ਭੜਕ ਗਿਆ ਸੀ। ਉਸ ਸਮੇਂ ਉਸ ਨੇ ਕਿਹਾ ਸੀ ਕਿ ਹਾਂਗਕਾਂਗ, ਚੀਨ ਦਾ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਹੈ। ਇਹ ਮਾਮਲਾ ਪੂਰੀ ਤਰ੍ਹਾਂ ਅੰਦਰੂਨੀ ਹੈ। ਚੀਨ ਦੇ ਮਾਮਲੇ 'ਚ ਅਸੀਂ ਇਨਾਂ ਦੇਸ਼ਾਂ ਦੇ ਦਖਲ ਦਾ ਵਿਰੋਧ ਕਰਦੇ ਹਾਂ। ਉਸ ਸਮੇਂ ਅਮਰੀਕਾ, ਬ੍ਰਿਟੇਨ ਅਤੇ ਈ. ਯੂ. ਨੇ ਕਿਹਾ ਸੀ ਕਿ ਹਾਂਗਕਾਂਗ ਦੇ ਲੋਕਾਂ ਨੂੰ ਸ਼ਾਂਤੀਪੂਰਣ ਪ੍ਰਦਰਸ਼ਨ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਅਮਰੀਕੀ ਸਰਕਾਰ ਨੇ ਵੀਰਵਾਰ ਨੂੰ ਐਡਵਾਇਜ਼ਰੀ ਜਾਰੀ ਕਰ ਆਪਣੇ ਨਾਗਰਿਕਾਂ ਨੂੰ ਹਾਂਗਕਾਂਗ ਦੀ ਯਾਤਰਾ ਨਾ ਕਰਨ ਨੂੰ ਲੈ ਕੇ ਅਪੀਲ ਕੀਤੀ ਹੈ। ਇਸ 'ਚ ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਅਤੇ ਯਾਤਰਾ ਦੌਰਾਨ ਸਾਵਧਾਨੀ ਵਰਤਣ। ਆਸਟ੍ਰੇਲੀਆ ਨੇ ਵੀ ਆਪਣੇ ਨਾਗਰਿਕਾਂ ਲਈ ਇਸ ਤਰ੍ਹਾਂ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ।


author

Khushdeep Jassi

Content Editor

Related News