ਅਮਰੀਕੀ ਸੈਨੇਟਰਾਂ ਵੱਲੋਂ ਚੀਨ ''ਤੇ ਪਾਬੰਦੀ ਲਗਾਉਣ ਲਈ ਸੰਸਦ ''ਚ ਬਿੱਲ ਪੇਸ਼

05/13/2020 11:21:46 AM

ਵਾਸ਼ਿੰਗਟਨ (ਭਾਸ਼ਾ): 9 ਪ੍ਰਭਾਵਸ਼ਾਲੀ ਅਮਰੀਕੀ ਸੈਨੇਟਰਾਂ ਦੇ ਇਕ ਸਮੂਹ ਨੇ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਵਿਚ ਕਿਹਾ ਗਿਆ ਹੈ ਕਿ ਜੇਕਰ ਚੀਨ ਕੋਰੋਨਾਵਾਇਰਸ ਇਨਫੈਕਸ਼ਨ ਫੈਲਾਉਣ ਦੇ ਪਿੱਛੇ ਦੇ ਕਾਰਨਾਂ ਦੀ ਪੂਰੀ ਜਾਣਕਾਰੀ ਮੁਹੱਈਆ ਨਹੀਂ ਕਰਵਾਉਂਦਾ ਹੈ ਅਤੇ ਇਸ ਨੂੰ ਕਾਬੂ ਕਰਨ ਵਿਚ ਸਹਿਯੋਗ ਨਹੀਂ ਦਿੰਦਾ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਚੀਨ 'ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। 'ਕੋਵਿਡ-19 ਜਵਾਬਦੇਹੀ ਐਕਟ' ਬਿੱਲ ਨੂੰ ਸੈਨੇਟਰ ਲਿੰਡਸੇ ਗ੍ਰਾਹਮ ਨੇ ਤਿਆਰ ਕੀਤਾ ਹੈ ਅਤੇ 8 ਹੋਰ ਸਾਂਸਦਾਂ ਨੇ ਇਸ ਵਿਚ ਉਹਨਾਂ ਦਾ ਸਾਥ ਦਿੱਤਾ ਹੈ। ਇਸ ਬਿੱਲ ਨੂੰ ਮੰਗਲਵਾਰ ਨੂੰ ਸੈਨੇਟ ਵਿਚ ਪੇਸ਼ ਕੀਤਾ ਗਿਆ। 

ਇਸ ਬਿੱਲ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ 60 ਦਿਨਾਂ ਦੇ ਅੰਦਰ ਕਾਂਗਰਸ ਵਿਚ ਪ੍ਰਮਾਣਿਤ ਕਰਨਗੇ ਕਿ ਚੀਨ ਨੇ ਅਮਰੀਕਾ, ਉਸ ਦੇ ਸਹਿਯੋਗੀਆਂ ਜਾਂ ਵਿਸ਼ਵ ਸਿਹਤ ਸੰਗਠਨ ਜਿਹੀ ਸੰਯੁਕਤ ਰਾਸ਼ਟਰ ਨਾਲ ਸਬੰਧਤ ਸੰਸਥਾਵਾਂ ਦੀ ਅਗਵਾਈ ਵਾਲੀ ਕੋਵਿਡ-19 ਸੰਬੰਧੀ ਜਾਚ ਲਈ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਹੈ ਅਤੇ ਉਸ ਨੇ ਮਾਂਸਾਹਾਰੀ ਵਸਤਾਂ ਦੀ ਵਿਕਰੀ ਕਰਨ ਵਾਲੇ ਉਹਨਾਂ ਸਾਰੇ ਬਜ਼ਾਰਾਂ ਨੂੰ ਬੰਦ ਕਰ ਦਿੱਤਾ ਸੀ ਜਿਹਨਾਂ ਨਾਲ ਜਾਨਵਰਾਂ ਤੋਂ ਮਨੁੱਖਾਂ ਵਿਚ ਕੋਈ ਇਨਫੈਕਸ਼ਨ ਫੈਲਣ ਦਾ ਖਤਰਾ ਪੈਦਾ ਹੁੰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਰਾਸ਼ਟਰਪਤੀ ਇਸ ਨੂੰ ਪ੍ਰਮਾਣਿਤ ਨਹੀਂ ਕਰਦੇ ਹਨ ਤਾਂ ਉਹਨਾਂ ਨੂੰ ਚੀਨ ਦੀਆਂ ਜਾਇਦਾਦਾਂ ਸੀਲ ਕਰਨ, ਯਾਤਰਾ ਸੰਬੰਧੀ ਪਾਬੰਦੀਆਂ ਲਗਾਉਣ, ਵੀਜ਼ਾ ਰੱਦ ਕਰਨ, ਅਮਰੀਕੀ ਵਿੱਤੀ ਸੰਸਥਾਵਾਂ ਨੂੰ ਚੀਨੀ ਕਾਰੋਬਾਰ ਨੂੰ ਕਰਜ਼ ਦੇਣ ਤੋਂ ਰੋਕਣ ਅਤੇ ਚੀਨੀ ਕੰਪਨੀਆਂ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਕੀਤੇ ਜਾਣ 'ਤੇ ਰੋਕ ਲਗਾਉਣ ਜਿਹੀਆਂ ਪਾਬੰਦੀਆਂ ਲਾਗੂ ਕਰਨ ਦਾ ਅਧਿਕਾਰ ਹੋਵੇਗਾ। 

ਗ੍ਰਾਹਮ ਨੇ ਕਿਹਾ,''ਮੈਨੂੰ ਵਿਸ਼ਵਾਸ ਹੈ ਕਿ 'ਚਾਈਨੀਜ਼ ਕਮਿਊਨਿਸਟ ਪਾਰਟੀ' ਜੇਕਰ ਚੀਜ਼ਾਂ ਨਹੀਂ ਲੁਕਾਉਂਦੀ ਤਾਂ ਵਾਇਰਸ ਅਮਰੀਕਾ ਵਿਚ ਨਹੀਂ ਪਹੁੰਚਦਾ।'' ਉਹਨਾਂ ਨੇ ਕਿਹਾ,''ਚੀਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਂਚ ਲਈ ਵੁਹਾਨ ਪ੍ਰਯੋਗਸ਼ਾਲਾ ਵਿਚ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ ਜੇਕਰ ਚੀਨ 'ਤੇ ਦਬਾਅ ਨਾ ਬਣਾਇਆ ਗਿਆ ਤਾਂ ਉਹ ਜਾਂਚ ਵਿਚ ਕਦੇ ਸਹਿਯੋਗ ਨਹੀਂ ਕਰੇਗਾ।'' ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਦੁਨੀਆ ਭਰ ਵਿਚ 2 ਲੱਖ 92 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 43ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਹੈ ਜਿੱਥੇ ਇਸ ਵਾਇਰਸ ਕਾਰਨ 83 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 14 ਲੱਖ ਤੋਂ ਵਧੇਰੇ ਪੀੜਤ ਹਨ।
 


Vandana

Content Editor

Related News