ਸੰਦੀਪ ਸਿੰਘ ਦੇ ਕਾਤਲ ਨੂੰ ਮਿਲੇਗੀ ਮੌਤ ਦੀ ਸਜ਼ਾ, ਨਹੀਂ ਮਿਲੀ ਜ਼ਮਾਨਤ

Thursday, Oct 03, 2019 - 08:23 AM (IST)

ਹਿਊਸਟਨ, (ਰਾਜ ਗੋਗਨਾ)— ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਵਾਲੇ ਕਾਤਲ ਨੂੰ ਸਥਾਨਕ ਪੁਲਸ ਨੇ ਜਲਦ ਹੀ ਹਿਰਾਸਤ ਵਿਚ ਲੈ ਲਿਆ ਸੀ। 47 ਸਾਲਾ ਰਾਬਰਡ ਸੋਲਿਸ ਉੱਤੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਮਾਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਸੋਮਵਾਰ ਨੂੰ ਜਦੋਂ ਸੋਲਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਤਾਂ ਮਾਣਯੋਗ ਜੱਜ ਕ੍ਰਿਸ ਮੋਰਟਿਨ ਨੇ ਉਸ ਨੂੰ ਬਿਨਾਂ ਜ਼ਮਾਨਤ ਤੋਂ ਹਿਰਾਸਤ 'ਚ ਰੱਖਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।
 

PunjabKesari

ਇਸ ਮੌਕੇ ਪ੍ਰੋਸੀਕਿਊਟਰ ਕੈਟੀ ਵਾਰੇਨ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਦੇ ਮਾਰੇ ਜਾਣ ਨਾਲ ਉਸ ਦੀ ਪਤਨੀ ਵਿਧਵਾ ਹੋ ਗਈ ਹੈ ਅਤੇ ਤਿੰਨ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਹੈ। ਡਿਪਟੀ ਧਾਲੀਵਾਲ ਨੇ ਮੁਲਜ਼ਮ ਨੂੰ ਰੋਕਿਆ ਸੀ। ਡੈਸ਼ ਵੀਡੀਓ ਕੈਮਰੇ ਅਨੁਸਾਰ ਧਾਲੀਵਾਲ ਜਦੋਂ ਆਪਣੀ ਕਾਰ ਵੱਲ ਵਾਪਸ ਆ ਰਿਹਾ ਸੀ, ਤਾਂ ਕਾਤਲ ਨੇ ਉਸ ਦੀ ਪਿੱਠ 'ਤੇ ਕਈ ਗੋਲੀਆਂ ਮਾਰੀਆਂ। ਧਾਲੀਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਤਲ ਨੂੰ ਘਟਨਾ ਸਥਾਨ ਤੋਂ ਕੁੱਝ ਦੂਰੀ 'ਤੇ ਹੀ ਇਕ ਬਿਜ਼ਨਸ ਮਾਲ ਦੇ ਅੰਦਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪੁਲਸ ਅਨੁਸਾਰ ਇਹ ਵਿਅਕਤੀ ਘਬਰਾਇਆ ਹੋਇਆ ਸੀ ਅਤੇ ਇਸ ਦੇ ਹਾਵ-ਭਾਵ ਦੇਖ ਕੇ ਇਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਵੀਡੀਓ ਵਿਚ ਕਾਤਲ ਸੋਲਿਸ ਵੱਲੋਂ 45 ਕੈਲੀਬਰ ਸੈਮੀ ਆਟੋਮੈਟਿਕ ਗੰਨ ਨੂੰ ਸੁੱਟਦੇ ਹੋਏ ਵੀ ਰਿਕਾਰਡ ਕੀਤਾ ਗਿਆ ਹੈ। ਕਾਤਲ ਸੋਲਿਸ ਨੇ ਘਟਨਾ ਤੋਂ ਬਾਅਦ ਆਪਣੇ ਦੋਸਤਾਂ ਨੂੰ ਫੋਨ ਵੀ ਕੀਤਾ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਕ ਡਿਪਟੀ ਨੂੰ ਮਾਰ ਦਿੱਤਾ ਹੈ, ਮੈਨੂੰ ਇਥੋਂ ਆ ਕੇ ਲੈ ਜਾਓ। ਕਾਤਲ ਸੋਲਿਸ ਪਹਿਲਾਂ ਵੀ ਕਈ ਵਾਰਦਾਤਾਂ 'ਚ ਮੁਲਜ਼ਮ ਰਿਹਾ ਹੈ ਤੇ ਹੁਣ ਵੀ ਉਹ ਪੈਰੋਲ 'ਤੇ ਬਾਹਰ ਆਇਆ ਸੀ ਤੇ ਸਮਾਂ ਪੂਰਾ ਹੋਣ 'ਤੇ ਉਹ ਜੇਲ੍ਹ ਵਾਪਸ ਨਹੀਂ ਗਿਆ ਸੀ। ਕਾਰ ਵਿਚ ਉਸ ਨਾਲ ਸਵਾਰ ਇਕ ਹੋਰ ਔਰਤ ਵੀ ਸੀ, ਉਸ ਨੂੰ ਵੀ ਪੁਲਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਵੱਲੋਂ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।


Related News