ਅਮਰੀਕਾ ਨੇ ਸ਼੍ਰੀਲੰਕਾ ਦੇ ਸਾਬਕਾ ਜਲ ਸੈਨਾ ਕਮਾਂਡਰ ''ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਲਾਈ ਪਾਬੰਦੀ
Thursday, Apr 27, 2023 - 04:25 PM (IST)
ਕੋਲੰਬੋ (ਭਾਸ਼ਾ)- ਅਮਰੀਕਾ ਨੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਈਲਮ (ਲਿੱਟੇ) ਨਾਲ ਸੰਘਰਸ਼ ਦੌਰਾਨ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰਨ ਲਈ ਸ਼੍ਰੀਲੰਕਾ ਦੀ ਜਲ ਸੈਨਾ ਦੇ ਸਾਬਕਾ ਚੋਟੀ ਦੇ ਕਮਾਂਡਰ ਵਸੰਤ ਕਰਨਨਗੌਡਾ 'ਤੇ ਪਾਬੰਦੀ ਲਗਾ ਦਿੱਤੀ ਹੈ। ਕਰਨਨਗੌਡਾ (70) ਪਿਛਲੇ ਤਿੰਨ ਸਾਲਾਂ ਵਿੱਚ ਸ਼੍ਰੀਲੰਕਾ ਦੇ ਦੂਜੇ ਅਜਿਹੇ ਚੋਟੀ ਦੇ ਫੌਜੀ ਅਧਿਕਾਰੀ ਹਨ, ਜਿਨ੍ਹਾਂ 'ਤੇ ਅਮਰੀਕਾ ਨੇ ਲਿੱਟੇ ਨਾਲ ਯੁੱਧ ਦੌਰਾਨ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਲਈ ਪਾਬੰਦੀ ਲਗਾਈ ਹੈ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ 2020 ਵਿੱਚ ਸ਼੍ਰੀਲੰਕਾ ਦੇ ਮੌਜੂਦਾ ਚੀਫ ਆਫ ਡਿਫੈਂਸ (CDS) ਜਨਰਲ ਸ਼ਵੇਂਦਰ ਸਿਲਵਾ 'ਤੇ ਪਾਬੰਦੀਆਂ ਲਗਾਈਆਂ ਸਨ। ਸਿਲਵਾ ਲਿੱਟੇ ਦੇ ਖਿਲਾਫ ਆਖਰੀ ਲੜਾਈ ਦੌਰਾਨ ਫੌਜ ਦੇ ਡਿਵੀਜ਼ਨਲ ਮੁਖੀ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕਮਾਂਡਰ ਬਣਾਇਆ ਗਿਆ ਸੀ। ਸਾਲ 2005 ਤੋਂ 2009 ਤੱਕ ਜਲ ਸੈਨਾ ਕਮਾਂਡਰ ਵਜੋਂ ਸੇਵਾ ਨਿਭਾਉਣ ਵਾਲੇ ਕਰਨਨਗੋਡਾ ਨੇ 2009 ਵਿੱਚ ਲਿੱਟੇ ਦੇ ਖ਼ਾਤਮੇ ਲਈ ਹੋਈ ਅੰਤਮ ਲੜਾਈ ਵਿਚ ਮੋਰਚਾ ਸਾਂਭਿਆ ਸੀ।
ਬਾਅਦ ਵਿੱਚ ਉਨ੍ਹਾਂਨੂੰ ਜਾਪਾਨ ਵਿੱਚ ਸ਼੍ਰੀਲੰਕਾ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਅਮਰੀਕੀ ਵਿਦੇਸ਼ ਵਿਭਾਗ ਨੇ ਸ਼੍ਰੀਲੰਕਾ ਦੇ ਸਾਬਕਾ ਜਲ ਸੈਨਾ ਕਮਾਂਡਰ ਵਸੰਤ ਕਰਨਨਗੌਡਾ 'ਤੇ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਸ਼੍ਰੀਲੰਕਾਈ ਗ੍ਰਹਿ ਯੁੱਧ ਦੇ ਪੀੜਤਾਂ ਲਈ ਨਿਆਂ ਦੀ ਮੰਗ ਕਰਨਾ ਜਾਰੀ ਰੱਖੇਗਾ।"