US ਨੇ ਰੂਸ ਖਿਲਾਫ ਬਗਾਵਤ ਕਰਨ ਵਾਲੇ ''ਵੈਗਨਰ'' ਸਮੂਹ ਨਾਲ ਜੁੜੀਆਂ ਕੰਪਨੀਆਂ ''ਤੇ ਲਾਈਆਂ ਪਾਬੰਦੀਆਂ

06/28/2023 4:20:22 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਨਿੱਜੀ ਫ਼ੌਜੀ ਸਮੂਹ 'ਵੈਗਨਰ' ਨਾਲ ਜੁੜੀਆਂ 4 ਕੰਪਨੀਆਂ ਅਤੇ 1 ਵਿਅਕਤੀ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਕਦਮ 'ਵੈਗਨਰ' ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ ਦੀ ਅਗਵਾਈ 'ਚ ਰੂਸ ਵਿਰੁੱਧ ਬਗਾਵਤ ਤੋਂ ਬਾਅਦ ਚੁੱਕਿਆ ਗਿਆ ਹੈ। ਪ੍ਰਿਗੋਝਿਨ ਨੇ ਆਪਣੇ ਲੜਾਕਿਆਂ ਨੂੰ ਪਿਛਲੇ ਹਫਤੇ ਮਾਸਕੋ (ਰੂਸ ਦੀ ਰਾਜਧਾਨੀ) ਵੱਲ ਮਾਰਚ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਪ੍ਰਿਗੋਝਿਨ ਨੇ ਅਚਾਨਕ ਰੂਸ ਦੇ ਨਾਲ ਸਮਝੌਤਾ ਕਰਕੇ ਪਿੱਛੇ ਹਟਣ ਅਤੇ ਬੇਲਾਰੂਸ ਜਾਣ ਦਾ ਐਲਾਨ ਕਰ ਦਿੱਤਾ ਸੀ।

ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪੱਤੀ ਨਿਯੰਤਰਣ ਦਫਤਰ (OFAC) ਵੱਲੋਂ ਮੰਗਲਵਾਰ ਨੂੰ ਲਗਾਈਆਂ ਪਾਬੰਦੀਆਂ ਵਿਚ ਮੱਧ ਅਫਰੀਕੀ ਗਣਰਾਜ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਰੂਸ 'ਚ ਉਨ੍ਹਾਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ 'ਵੈਗਨਰ' ਸਮੂਹ ਅਤੇ ਇਸ ਦੇ ਸੰਸਥਾਪਕ ਯੇਵਗੇਨੀ ਪ੍ਰਿਗੋਝਿਨ ਨਾਲ ਜੁੜੀਆਂ ਹੋਈਆਂ ਹਨ। ਹਾਲਾਂਕਿ, ਪਾਬੰਦੀਆਂ ਦਾ ਪਿਛਲੇ ਹਫਤੇ ਦੇ ਵਿਦਰੋਹ ਨਾਲ ਸਿੱਧਾ ਸਬੰਧ ਨਹੀਂ ਹੈ। ਅਮਰੀਕਾ ਨੇ ਪਹਿਲਾਂ ਵੀ ਪ੍ਰਿਗੋਝਿਨ ਅਤੇ 'ਵੈਗਨਰ' ਸਮੂਹ 'ਤੇ ਕਈ ਵਾਰ ਪਾਬੰਦੀਆਂ ਲਗਾਈਆਂ ਹਨ। ਇਸ ਸਮੂਹ 'ਤੇ 2016 ਦੀਆਂ ਅਮਰੀਕੀ ਚੋਣਾਂ 'ਚ ਦਖਲ ਦੇਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ। ਪ੍ਰਿਗੋਝਿਨ ਨਾਲ ਸਬੰਧਤ ਮੱਧ ਅਫ਼ਰੀਕੀ ਗਣਰਾਜ ਵਿਚ ਸਥਿਤ 2 ਮਾਈਨਿੰਗ ਕੰਪਨੀਆਂ 'ਡਾਇਮਵਿਲੇ ਐੱਸ.ਏ.ਯੂ.' ਅਤੇ 'ਮਿਡਾਸ ਰਿਸੋਰਸਜ਼ ਐੱਸ.ਏ.ਆਰ.ਐੱਲ.ਯੂ' 'ਤੇ ਪਾਬੰਦੀਆਂ ਲਗਾਈਆਂ ਹਨ। ਨਾਲ ਹੀ ਰੂਸ ਸਥਿਤ ਸੋਨੇ ਦੀ ਵਿਕਰੀ ਨਾਲ ਜੁੜੀ 'ਲਿਮਟਿਡ ਲਾਈਬਿਲਟੀ ਕੰਪਨੀ ਡੀ.ਐੱਮ.' ਅਤੇ ਡਾਇਮਵਿਲੇ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੇ ਦੁਬਈ ਸਥਿਤ 'ਇੰਡਸਟ੍ਰੀਅਲ ਰਿਸੋਰਜ਼ ਜਨਰਲ ਟਰੇਡਿੰਗ' 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਅਮਰੀਕਾ ਨੇ 'ਵੈਗਨਰ' ਸਮੂਹ ਦੇ ਇਕ ਰੂਸੀ ਅਧਿਕਾਰੀ ਆਂਦਰੇਈ ਇਵਾਨੋਵ 'ਤੇ ਵੀ ਪਾਬੰਦੀਆਂ ਲਗਾਈਆਂ ਹਨ।


cherry

Content Editor

Related News