ਕਸ਼ਮੀਰ ’ਤੇ ਅਮਰੀਕਾ ਨੇ ਕੀਤੀ ਪਾਕਿ ਦੀ ਖਿਚਾਈ, ਕਿਹਾ-ਚੀਨ ਦੇ ਮੁਸਲਮਾਨਾਂ ਦੀ ਜ਼ਿਆਦਾ ਚਿੰਤਾ ਕਰੋ

09/27/2019 7:34:22 PM

ਨਿਊਯਾਰਕ (ਏਜੰਸੀ)– ਕਸ਼ਮੀਰ ’ਤੇ ਝੂਠੀ ਕਹਾਣੀ ਸੁਣਾ ਰਹੇ ਪਾਕਿਸਤਾਨ ਦੀ ਅਮਰੀਕਾ ਨੇ ਖਿਚਾਈ ਕੀਤੀ। ਪਾਕਿਸਤਾਨ ਦੇ ਦੋਹਰੇ ਮਾਪਦੰਡ ਨੂੰ ਉਜਾਗਰ ਕਰਦਿਆਂ ਅਮਰੀਕਾ ਨੇ ਕਿਹਾ ਹੈ ਕਿ ਉਹ ਜਿੰਨੀ ਚਿੰਤਾ ਕਸ਼ਮੀਰ ’ਤੇ ਪ੍ਰਗਟਾ ਰਿਹਾ ਹੈ ਓਨੀ ਚੀਨ ’ਚ ਨਜ਼ਰਬੰਦ ਮੁਸਲਮਾਨਾਂ ਨੂੰ ਲੈ ਕੇ ਵੀ ਵਿਖਾਏ। ਅਮਰੀਕਾ ਦੀ ਐਕਟਿੰਗ ਅਸਿਸਟੈਂਟ ਸੈਕਟਰੀ (ਦੱਖਣੀ ਅਤੇ ਕੇਂਦਰੀ ਏਸ਼ੀਆ) ਏਲਿਸ ਵੇਲਸ ਨੇ ਬੀਤੇ ਦਿਨ ਸਵਾਲ ਖੜ੍ਹੇ ਕੀਤੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਬਾਰੇ ਕਿਉਂ ਨਹੀਂ ਬੋਲ ਰਹੇ ਹਨ, ਜਿੱਥੇ 10 ਲੱਖ ਉਈਗਰ ਅਤੇ ਹੋਰ ਤੁਰਕੀ ਭਾਸ਼ਾ ਬੋਲਣ ਵਾਲੇ ਮੁਸਲਮਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਏਲਿਸ ਵੇਲਸ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਮੈਂ ਪੱਛਮੀ ਚੀਨ ’ਚ ਨਜ਼ਰਬੰਦ ਕੀਤੇ ਗਏ ਮੁਸਲਮਾਨਾਂ ਨੂੰ ਲੈ ਕੇ ਵੀ ਉਸੇ ਪੱਧਰ ਦੀ ਚਿੰਤਾ ਵੇਖਣਾ ਚਾਹਾਂਗੀ।

ਜੋ ਨਾਜੀ ਕੈਂਪਾਂ ਵਰਗੇ ਹਾਲਾਤ ’ਚ ਰਹਿ ਰਹੇ ਹਨ। ’’ਉਨ੍ਹਾਂ ਕਿਹਾ ਕਿ ਚੀਨ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜ਼ਿਆਦਾ ਹੈ। ਵੇਲਸ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ, ਜਦੋਂ ਪਾਕਿਸਤਾਨ ਜੰਮੂ-ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਖਤਮ ਕਰਨ ਦੇ ਭਾਰਤ ਦੇ ਫੈਸਲੇ ’ਤੇ ਕੂੜ ਪ੍ਰਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਚੀਨ ’ਚ ਮੁਸਲਮਾਨਾਂ ਦੇ ਹਾਲਾਤ ’ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਵਾਲ ਪੁੱਛੇ ਜਾਂਦੇ ਹਨ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਉਨ੍ਹਾਂ ਦੇ ਆਪਣੇ ਦੇਸ਼ ’ਚ ਕਾਫੀ ਸਮੱਸਿਆਵਾਂ ਹਨ, ਜਿਨ੍ਹਾਂ ’ਤੇ ਉਨ੍ਹਾਂ ਨੇ ਧਿਆਨ ਦੇਣਾ ਹੈ।


Sunny Mehra

Content Editor

Related News