ਜਾਣੋ ਟਰੰਪ ਦੇ ਦਾਅਵੇ- 'ਮੋਦੀ ਵਲੋਂ ਮਦਦ ਦਾ ਐਲਾਨ' ਦਾ ਮਤਲਬ ਅਤੇ ਇਸ ਬਿਆਨ ਦਾ ਭਾਰਤ 'ਤੇ ਅਸਰ

Monday, Sep 07, 2020 - 09:30 PM (IST)

ਵਾਸ਼ਿੰਗਟਨ (ਰਮਨਦੀਪ ਸਿੰਘ ਸੋਢੀ): ਨਵੰਬਰ 2020 ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।ਚੋਣ ਮੈਦਾਨ ਵਿਚ ਮੁੱਖ ਦੋ ਉਮੀਦਵਾਰ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਦੂਜੇ ਡੈਮੋਕਰੈਟਿਕ ਪਾਰਟੀ ਦੇ ਜੋ ਬਿਡੇਨ ਹਨ।ਹੁਣ ਤੱਕ ਜੋ ਕਿਆਸਰਾਈਆਂ ਲੱਗ ਰਹੀਆਂ ਹਨ ਉਸ ਵਿਚ ਜੋ ਬਿਡੇਨ ਦੇ ਜਿੱਤਣ ਦੀ ਉਮੀਦ 84 ਫੀਸਦ ਦੱਸੀ ਜਾ ਰਹੀ ਹੈ ਜਦਕਿ ਟਰੰਪ ਦੇ ਬਾਰੇ ਸਿਰਫ 14 ਫੀਸਦ ਜਿੱਤ ਦੀ ਆਸ ਹੈ।ਸਿਆਸੀ ਮਾਹਿਰਾਂ ਮੁਤਾਬਕ ਡੋਨਾਲਡ ਟਰੰਪ ਦੇ ਜਿੱਤ ਦੀ ਉਮੀਦ ਘਟਣ ਦਾ ਵੱਡਾ ਕਾਰਨ ਹੈ ਦੇਸ਼ ਵਿਚ ਫੈਲ ਰਿਹਾ ਕੋਰੋਨਾਵਾਇਰਸ। ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਮੌਤਾਂ ਦਾ ਅੰਕੜਾ 2 ਲੱਖ ਤਕ ਪਹੁੰਚ ਸਕਦਾ ਹੈ। ਹਾਲਾਂਕਿ ਏਥੇ ਦੱਸਣਾ ਬਣਦਾ ਕਿ ਜਦੋਂ 2016 ਦੀਆਂ ਚੋਣਾ ਵਿਚ ਡੋਨਾਲਡ ਟਰੰਪ ਹਿਲੇਰੀ ਕਲਿੰਟਨ ਦੇ ਖਿਲਾਫ਼ ਚੋਣ ਲੜੇ ਸਨ ਤਾਂ ਉਸ ਵੇਲੇ ਵੀ ਡੋਨਾਲਡ ਟਰੰਪ ਦੀ ਜਿੱਤ ਦੀਆਂ ਭਵਿੱਖਬਾਣੀਆਂ ਉਸਦੇ ਹੱਕ ਵਿਚ ਨਹੀਂ ਸਨ ਪਰ ਟਰੰਪ ਜਿੱਤ ਗਏ ਸਨ। 

ਹਾਂ, ਇਸ ਵਾਰ ਇਹ ਗੱਲ ਵੀ ਧਿਆਨ ਵਿਚ ਰੱਖਣੀ ਬਣਦੀ ਹੈ ਕਿ ਹੁਣ ਅਮਰੀਕਾ ਦੇ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ, ਕਿਉਂਕਿ ਉਦੋਂ ਨਾ ਤਾਂ ਕੋਰੋਨਾਵਾਇਰਸ ਸੀ ਤੇ ਨਾ ਹੀ ਦੰਗੇ ਭੜਕੇ ਸਨ।ਸੋ ਇਹ ਫੈਕਟਰ ਵੀ ਟਰੰਪ ਦੀ ਜਿੱਤ 'ਤੇ ਵੱਡਾ ਪ੍ਰਭਾਵ ਪਾ ਸਕਦੇ ਹਨ। ਅਜਿਹੇ ਵਿਚ ਅੰਦਰੂਨੀ ਤੌਰ ਤੇ ਟਰੰਪ ਕਾਫੀ ਪ੍ਰੇਸ਼ਾਨ ਵੀ ਹਨ।ਹਾਲ ਹੀ ਵਿਚ ਉਹਨਾਂ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੋਰਟ ਹੈ ਹਾਲਾਂਕਿ ਭਾਰਤ ਨੇ ਹਾਲੇ ਤੱਕ ਅਮਰੀਕੀ ਰਾਸ਼ਟਰਪਤੀ ਚੋਣਾਂ 'ਤੇ ਆਪਣਾ ਪੱਖ ਨਹੀਂ ਦਿੱਤਾ ਹੈ।ਤੁਹਾਨੂੰ ਯਾਦ ਕਰਵਾ ਦਈਏ ਕਿ 2019 ਵਿਚ ਜਦੋਂ ਅਮਰੀਕਾ ਦੀ ਟੈਕਸਾਸ ਸਟੇਟ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਕ ਪ੍ਰੋਗਰਾਮ ਹਾਊਡੀ ਮੋਦੀ ਹੋਇਆ ਸੀ ਤਾਂ ਉਸ ਵੇਲੇ ਪੀ.ਐਮ. ਮੋਦੀ ਨੇ ਬਿਆਨ ਦਿੱਤਾ ਸੀ ਕਿ ਅਬਕੀ ਬਾਰ ਮੋਦੀ ਸਰਕਾਰ। 

ਹਾਲਾਂਕਿ ਬਾਅਦ ਵਿਚ ਭਾਰਤ ਸਰਕਾਰ ਨੇ ਇਹ ਸਪਸ਼ੱਟ ਕੀਤਾ ਸੀ ਕਿ ਉਸ ਵੇਲੇ ਉਹ ਡੋਨਾਲਡ ਟਰੰਪ ਨੂੰ 2020 ਦੀਆਂ ਚੋਣਾਂ ਲਈ ਪੇਸ਼ ਨਹੀਂ ਕਰ ਰਹੇ ਸਨ, ਜਦਕਿ ਉਹ ਤਾਂ ਸਿਰਫ ਇਹ ਦੱਸ ਰਹੇ ਸਨ ਕਿ ਕਿਸ ਤਰ੍ਹਾਂ 2016 ਦੀਆਂ ਚੋਣਾਂ ਵਿਚ ਇਹ ਲਾਈਨ ਡੋਨਾਲਡ ਟਰੰਪ ਵਲੋਂ ਵਰਤੀ ਗਈ ਸੀ।ਪਰ ਸਿਆਸੀ ਮਾਹਰ ਮੰਨਦੇ ਹਨ ਕਿ ਮੋਦੀ ਵੱਲੋਂ ਹਜਾਰਾਂ ਲੋਕਾਂ ਸਾਹਮਣੇ ਅਜਿਹਾ ਕਹਿਣਾ ਇਕ ਤਰ੍ਹਾਂ ਨਾਲ ਅਸਿੱਧੇ ਤੌਰ 'ਤੇ ਟਰੰਪ ਦੀ ਹੀ ਮਦਦ ਸੀ।ਪਰ ਇਹ ਧਿਆਨ ਵਿਚ ਰੱਖਣਾ ਲਾਜ਼ਮੀ ਬਣਦਾ ਹੈ ਕਿ ਹੁਣ 2019 ਵਾਲੇ ਹਾਲਾਤ ਨਹੀਂ ਰਹੇ ਹਨ।

ਟਰੰਪ ਦੇ ਬਿਆਨ ਦਾ ਭਾਰਤ 'ਤੇ ਕੀ ਪ੍ਰਭਾਵ?
ਟਰੰਪ ਵੱਲੋਂ ਸਿਧੇ ਤੌਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਪੋਰਟ ਦਾ ਆਪਣੇ ਵਲੋਂ ਐਲਾਨ ਕਰਨ ਦਾ ਭਾਰਤ ਅਤੇ ਡੈਮੋਕ੍ਰੈਟ ਪਾਰਟੀ ਦੇ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ।ਕਿਉਂਕਿ ਭਾਰਤ ਨੇ ਹਾਲੇ ਤੱਕ ਤਾਂ ਟਰੰਪ ਦੀ ਮਦਦ ਦਾ ਕੋਈ ਐਲਾਨ ਨਹੀਂ ਕੀਤਾ ਹੈ ਪਰ ਨਾ ਹੀ ਟਰੰਪ ਵੱਲੋਂ ਦਿੱਤੇ ਜਾ ਰਹੇ ਬਿਆਨਾ ਨੂੰ ਰੱਦ ਕੀਤਾ ਹੈ।ਉੱਧਰ ਚੀਨ ਵੱਲੋਂ ਵੀ ਜੋ ਬਿਡੇਨ ਦੀ ਮਦਦ ਕੀਤੀ ਜਾ ਰਹੀ ਹੈ।ਇਸ ਗੱਲ ਦੀ ਪੁਸ਼ਟੀ ਵੀ ਅਮਰੀਕੀ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਹੀ ਕੀਤੀ ਹੈ।ਹੁਣ ਸਵਾਲ ਕਰਨਾ ਬਣਦਾ ਹੈ ਕਿ ਚੀਨ ਨੂੰ ਜੋ ਬਿਡੇਨ ਦੀ ਮਦਦ ਨਾਲ ਕੀ ਫਾਇਦਾ ਹੋਵੇਗਾ।

 ਪੜ੍ਹੋ ਇਹ ਅਹਿਮ ਖਬਰ- ਵੱਡਾ ਖੁਲਾਸਾ : ਮੁਸ਼ੱਰਫ ਨੇ ਪਾਕਿਸਤਾਨੀਆਂ ਨੂੰ ਲੁੱਟ ਵਿਦੇਸ਼ਾਂ 'ਚ ਖਰੀਦੀ ਕਰੋੜਾਂ ਦੀ ਜਾਇਦਾਦ

ਦਰਅਸਲ ਜੋ ਬਿਡੇਨ ਨੇ ਜੋ ਹਾਲ ਹੀ ਵਿਚ ਆਪਣੀ ਪਾਲਿਸੀ ਦੱਸੀ ਹੈ ਉਹ ਡੋਨਾਲਡ ਟਰੰਪ ਨਾਲੋਂ ਕਾਫੀ ਵੱਖਰੀ ਹੈ। ਜੋ ਨੇ ਕਿਹਾ ਕਿ ਅਸੀਂ ਚੀਨ ਦੀ ਆਲੋਚਨਾ ਹਾਂਗਕਾਂਗ ਮੁੱਦੇ ਨੂੰ ਲੈ ਕੇ ਕਰਾਂਗੇ ਪਰ ਨਾਲ ਹੀ ਡੋਨਾਲਡ ਟਰੰਪ ਨੇ ਚੀਨ ਨਾਲ ਜੋ ਵਪਾਰਕ ਲੜਾਈ ਛੇੜ ਰੱਖੀ ਹੈ ਉਸਨੂੰ ਅਸੀਂ ਤੁਰੰਤ ਖਤਮ ਕਰਾਂਗੇ। ਇਸ ਤੋਂ ਇਲਾਵਾ ਅਮਰੀਕਾ ਕੋਸ਼ਿਸ਼ ਕਰੇਗਾ ਕਿ ਜੋ ਈਰਾਨ ਡੀਲ ਹੈ, ਵਿੱਚ ਚੀਨ ਦਾ ਪੱਖ ਪੂਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜੋ ਦੇ ਬੇਟੇ ਹੰਟਰ ਬਿਡੇਨ ਵੀ ਬੀਤੇ ਸਮੇਂ ਦੌਰਾਨ ਕਾਫੀ ਵਿਵਾਦਾਂ ਵਿਚ ਚੱਲ ਰਹੇ ਸਨ। ਹੰਟਰ ਬਾਰੇ ਖਬਰਾਂ ਆਈਆਂ ਕਿ ਉਹ ਇਕ ਅਜਿਹੀ ਕੰਪਨੀ ਨਾਲ ਕੰਮ ਕਰਦੇ ਹਨ ਜਿਸਨੂੰ ਚੀਨ ਦੀ ਪਿਠਵਰਤੀ ਸਪੋਰਟ ਹੈ।ਹਾਲਾਂਕਿ ਹੰਟਰ ਦਾ ਇਹ ਬਿਆਨ ਵੀ ਸਾਹਮਣੇ ਆਇਆ ਹੈ ਕਿ ਜੇ ਉਹਨਾਂ ਦੇ ਪਿਤਾ ਰਾਸ਼ਟਰਪਤੀ ਬਣ ਜਾਂਦੇ ਹਨ ਤਾਂ ਉਹ ਉਕਤ ਕੰਪਨੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।

ਸੋ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਵਿਚ ਭਾਰਤ ਨੂੰ ਇਸ ਮਸਲੇ 'ਤੇ ਆਪਣਾ ਪੱਖ ਸਪੱਸ਼ਟ ਕਰਨਾ ਬੜਾ ਲਾਜ਼ਮੀ ਹੈ। ਉਹਨਾਂ ਮੁਤਾਬਕ ਭਾਰਤ ਨੂੰ ਕਿਸੇ ਦੀ ਵੀ ਮਦਦ ਦਾ ਖੁੱਲ੍ਹਾ ਐਲਾਨ ਕਰਨ ਦੀ ਬਜਾਏ ਦੋਨਾਂ ਧਿਰਾਂ ਨੂੰ ਸ਼ੁੱਭ ਇਛਾਵਾਂ ਦੇਣੀਆਂ ਚਾਹੀਦੀਆਂ ਹਨ।ਤਾਂ ਜੋ ਆਉਣ ਵਾਲੇ ਸਮੇਂ ਵਿਚ ਜੋ ਵੀ ਨਤੀਜੇ ਹੋਣ ਪਰ ਭਾਰਤ ਦਾ ਅਮਰੀਕਾ ਨਾਲ ਸੰਬੰਧ ਨਿਰਪੱਖ ਰਹੇ। ਖਾਸਕਰ ਜਦੋਂ ਚੀਨ ਵਰਗਾ ਮੁਲਕ ਡੈਮੋਕ੍ਰੈਟ ਦੀ ਖੁੱਲ੍ਹ ਕੇ ਮਦਦ ਕਰ ਰਿਹਾ ਹੋਵੇ।


Vandana

Content Editor

Related News