ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ’ਚ ਸੁਧਾਰ, ਜਲਦ ਮਿਲੇਗੀ ਹਸਪਤਾਲ ਤੋਂ ਛੁੱਟੀ
Sunday, Oct 04, 2020 - 10:36 PM (IST)

ਵਾਸ਼ਿੰਗਟਨ-ਕੋਰੋਨਾ ਵਾਇਰਸ ਨਾਲ ਇਨਫੈਕਟਿਡ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਐਤਵਾਰ ਨੂੰ ਵ੍ਹਾਈਟ ਹਾਊਸ ਨੇ ਦਿੱਤੀ। ਡਾਕਟਰ ਨੇ ਇਹ ਵੀ ਦੱਸਿਆ ਕਿ ਇਲਾਜ ਦੌਰਾਨ ਟਰੰਪ ਦੇ ਆਕਸੀਜਨ ਦਾ ਪੱਧਰ ਦੋ ਵਾਰ ਡਿੱਗਿਆ। ਹਾਲਾਂਕਿ ਮੈਡੀਕਲ ਟੀਮ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੂੰ ਕੱਲ ਭਾਵ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਬੇਹਦ ਚਿੰਤਨਜਕ ਦੌਰ ਤੋਂ ਲੰਘੇ ਹਨ ਅਤੇ ਅਗਲੇ 24 ਘੰਟੇ ਉਨ੍ਹਾਂ ਦੀ ਸਿਹਤ ਲਈ ਕਾਫੀ ਮਹਤਵਪੂਰਣ ਹੋਣਗੇ। ਤੇਜ਼ ਬੁਖਾਰ ਅਤੇ ਖੂਨ ’ਚ ਘੱਟ ਹੁੰਦੀ ਆਕਸੀਜਨ ਦੇ ਕਾਰਣ ਡਾਕਟਰਾਂ ਨੇ ਟਰੰਪ ਨੂੰ ਹਸਪਤਾਲ ’ਚ ਦਾਖਲ ਹੋਣ ਦੀ ਸਲਾਹ ਦਿੱਤੀ ਸੀ।
ਮੀਡੋਜ ਨੇ ਸ਼ਨੀਵਾਰ ਰਾਤ ਨੂੰ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਉਨ੍ਹਾਂ ਦੇ ਸਰੀਰ ’ਚ ਹੁਣ ਆਕਸੀਜਨ ਦੀ ਮਾਤਰਾ ਵੀ ਪਹਿਲਾਂ ਤੋਂ ਜ਼ਿਆਦਾ ਹੋਈ ਹੈ। ਕੱਲ ਸਵੇਰੇ ਅਸੀਂ ਅਸਲ ’ਚ ਚਿੰਤਤ ਸੀ। ਉਨ੍ਹਾਂ ਦਾ ਆਕਸੀਜਨ ਪੱਧਰ ਤੇਜ਼ੀ ਨਾਲ ਡਿੱਗਿਆ ਸੀ। ਇਸ ਦੇ ਬਾਵਜੂਦ ਰਾਸ਼ਟਰਪਤੀ ਖੜ੍ਹੇ ਸਨ ਅਤੇ ਟਹਿਲ ਰਹੇ ਸਨ।
ਹਸਪਤਾਲ ’ਚ ਦਾਖਲ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਕਾਫੀ ਵਧੀਆ ਮਹਿਸੂਸ ਕਰ ਰਿਹਾ ਹਾਂ। ਟਰੰਪ ਨੇ ਟਵਿੱਟਰ ’ਤੇ ਇਕ ਵੀਡੀਓ ਰੀਲੀਜ਼ ਕੀਤੀ ਅਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਵਿਰੁੱਧ ਲੜਾਈ ’ਚ ਬਿਹਤਰ ਮਹਿਸੂਸ ਕਰ ਰਹੇ ਹਨ ਪਰ ਆਉਣ ਵਾਲੇ ਕੁਝ ਹੀ ਦਿਨਾਂ ’ਚ ਅਸਲੀ ਪ੍ਰੀਖਿਆ ਹੋਵੇਗੀ। ਜ਼ਿਕਰਯੋਗ ਹੈ ਕਿ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।