ਪਹਿਲੀ ਵਾਰ ਉੱਤਰੀ ਕੋਰੀਆ ਦੀ ਧਰਤੀ ''ਤੇ ਟਰੰਪ ਨੇ ਰੱਖਿਆ ਕਦਮ, ਕਿਮ ਨਾਲ ਕੀਤੀ ਮੁਲਾਕਾਤ
Sunday, Jun 30, 2019 - 03:03 PM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅੱਜ ਉੱਤਰੀ ਕੋਰੀਆ ਦੀ ਧਰਤੀ 'ਤੇ ਮੁਲਾਕਾਤ ਕੀਤੀ। ਟਰੰਪ ਨੇ ਪਹਿਲੀ ਵਾਰ ਉੱਤਰੀ ਕੋਰੀਆ ਦੀ ਧਰਤੀ 'ਤੇ ਕਦਮ ਰੱਖਿਆ। ਐਤਵਾਰ ਨੂੰ ਟਰੰਪ ਕੋਰੀਆਈ ਟਾਪੂਆਂ ਨੂੰ ਵੰਡਣ ਵਾਲੇ ਸਿਵਲ ਐਕਸ਼ਨ ਖੇਤਰ 'ਚ ਪੁੱਜੇ। ਟਰੰਪ ਅਤੇ ਕਿਮ ਵਿਚਕਾਰ ਇਹ ਤੀਸਰੀ ਮੁਲਾਕਾਤ ਹੈ । ਟਰੰਪ ਤੇ ਕਿਮ ਨੇ ਇਕ-ਦੂਜੇ ਨਾਲ ਹੱਥ ਮਿਲਾਇਆ ਅਤੇ ਤਸਵੀਰਾਂ ਖਿਚਵਾਈਆਂ। ਦੋਵੇਂ ਨੇਤਾ ਇਸ ਸਮੇਂ ਖੁਸ਼ ਦਿਖਾਈ ਦੇ ਰਹੇ ਸਨ।
ਪ੍ਰਮਾਣੂ ਨਿਸ਼ਸਤਰੀਕਰਨ ਦੀ ਦਿਸ਼ਾ 'ਚ ਇਹ ਮੁਲਾਕਾਤ ਮਹੱਤਵਪੂਰਣ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੋਵੇਂ ਨੇਤਾ ਹਨੋਈ ਅਤੇ ਸਿੰਗਾਪੁਰ 'ਚ ਮਿਲ ਚੁੱਕੇ ਹਨ। ਆਪਣੇ ਦੁਸ਼ਮਣ ਦੇਸ਼ ਦੀ ਧਰਤੀ 'ਤੇ ਕਦਮ ਰੱਖਣ ਵਾਲੇ ਟਰੰਪ ਪਹਿਲੇ ਮੌਜੂਦਾ ਰਾਸ਼ਟਰਪਤੀ ਹਨ।
ਕਿਮ ਨੇ ਉੱਤਰੀ ਕੋਰੀਆ ਦੀ ਸਰਹੱਦ 'ਚ ਦਾਖਲ ਹੋਣ 'ਤੇ ਟਰੰਪ ਦੇ ਬਹਾਦਰੀ ਭਰੇ ਫੈਸਲੇ 'ਤੇ ਧੰਨਵਾਦ ਕੀਤਾ ਜਦਕਿ ਟਰੰਪ ਨੇ ਉਨ੍ਹਾਂ ਦੇ ਆਉਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੇਕਰ ਉਹ ਨਾ ਆਉਂਦੇ ਤਾਂ ਉਨ੍ਹਾਂ ਨੂੰ ਖਰਾਬ ਲੱਗਣਾ ਸੀ। ਇਸ ਦੌਰਾਨ ਟਰੰਪ ਦੀ ਧੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ, ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਵਿੱਤ ਮੰਤਰੀ ਸਟੀਵਨ ਮੇਨੁਚਿਨ ਵੀ ਹਾਜ਼ਰ ਸਨ। ਟਰੰਪ ਕਿਮ ਨੂੰ ਅਮਰੀਕਾ ਸੱਦਣ ਦੇ ਇਛੁੱਕ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਦੋਹਾਂ ਨੇਤਾਵਾਂ ਦੀ ਅਗਲੀ ਮੁਲਾਕਾਤ ਅਮਰੀਕਾ 'ਚ ਹੋਵੇ।