ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਬੀਜਿੰਗ ਦੇ ਦੌਰੇ ’ਤੇ
Tuesday, Aug 27, 2024 - 03:48 PM (IST)
ਬੀਜਿੰਗ (ਏਪੀ) – ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਚੀਨ ਨਾਲ ਦੋਪੱਖੀ ਸਬੰਧਾਂ 'ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਬੀਜਿੰਗ ਪਹੁੰਚੇ। ਰਾਸ਼ਟਰਪਤੀ ਜੋਅ ਬਾਇਡੇਨ ਦੇ ਕਾਰਜਕਾਲ ਦੌਰਾਨ ਅਮਰੀਕਾ ਲਈ ਚੀਨ ਨਾਲ ਸੰਬੰਧ ਚੁਣੌਤੀਪੂਰਨ ਰਹੇ ਹਨ। ਬੀਜਿੰਗ ਹਵਾਈ ਅੱਡੇ ਪਹੁੰਚਣ ਦੇ ਬਾਅਦ ਸੁਲਿਵਨ ਦੀ ਚੀਨ ਦੇ ਵਿਦੇਸ਼ ਮੰਤਰਾਲੇ ’ਚ ਉੱਤਰ ਅਮਰੀਕਾ ਅਤੇ ਪ੍ਰਸ਼ਾਂਤ ਖੇਤਰ ਦੇ ਮਾਮਲਿਆਂ ਦੇ ਮੁਖੀ ਯਾਂਗ ਤਾਓ ਨੇ ਅਗਵਾਈ ਕੀਤੀ। ਇਸ ਮੌਕੇ 'ਤੇ ਚੀਨ ’ਚ ਅਮਰੀਕਾ ਦੇ ਰਾਜਦੂਤ ਨਿਕੋਲਸ ਬਰਨ ਵੀ ਮੌਜੂਦ ਸਨ।ਸੁਲਿਵਨ ਚੀਨ ਦੀ ਕਮਿਊਨਿਸਟ ਪਾਰਟੀ ਦੇ ਸਿਖਰ ਦੇ ਵਿਦੇਸ਼ ਅਧਿਕਾਰੀ ਨਾਲ ਅਣਐਲਾਨੀ ਗੱਲਬਾਤ ਲਈ ਬਾਇਡੇਨ ਦੇ ਸਭ ਤੋਂ ਭਰੋਸੇਮੰਦ ਅਧਿਕਾਰੀ ਰਹੇ ਹਨ ਤਾਂ ਜੋ ਅਮਰੀਕਾ ਅਤੇ ਬੀਜਿੰਗ ਵਿਚਕਾਰ ਸਬੰਧਾਂ ’ਚ ਆਏ ਤਣਾਅ ਨੂੰ ਘਟਾਇਆ ਜਾ ਸਕੇ।
ਸੁਲਿਵਨ ਬੁੱਧਵਾਰ ਤੱਕ ਚੀਨ ’ਚ ਰਹਿਣਗੇ ਅਤੇ ਇਸ ਯਾਤਰਾ ਦਾ ਮਕਸਦ ਇਕ ਅਜਿਹੇ ਸਬੰਧ ’ਚ ਗੱਲਬਾਤ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਨਾ ਹੈ ਜੋ 2022-23 ’ਚ ਇਕ ਸਾਲ ਤੋਂ ਵੱਧ ਸਮੇਂ ਲਈ ਤੁੱਟ ਗਿਆ ਸੀ ਅਤੇ ਜਿਸ ਨੂੰ ਕੁਝ ਮਹੀਨੇ ਪਹਿਲਾਂ ਹੀ ਦੁਬਾਰਾ ਸਥਾਪਿਤ ਕੀਤਾ ਜਾ ਸਕਿਆ ਸੀ। ਸੁਲਿਵਨ ਦੀ ਇਸ ਯਾਤਰਾ ਦੌਰਾਨ ਕੋਈ ਵੱਡਾ ਐਲਾਨ ਕਰਨ ਦੀ ਆਸ ਨਹੀਂ ਹੈ ਪਰ ਇਸ ਦੌਰਾਨ ਬਾਇਡੇਨ ਦੇ ਅਗਲੇ ਸਾਲ ਜਨਵਰੀ ’ਚ ਅਹੁਦਾ ਛੱਡਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸ਼ਿਖਰ ਸੰਮੇਲਨ ਕਰਨ ਲਈ ਆਧਾਰ ਤਿਆਰ ਕੀਤਾ ਜਾ ਸਕਦਾ ਹੈ। ਇਸ ਦੌਰਾਨ, ਕੈਨੇਡਾ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਵੀ ਅਮਰੀਕਾ ਵਾਂਗ ਚੀਨ ਤਿਆਰ ਕੀਤੇ ਇਲੈਕਟ੍ਰਿਕ ਵਾਹਨਾਂ ’ਤੇ ਸੌ ਫ਼ੀਸਦੀ ਦਰਾਮਦ ਫੀਸ ਲਗਾਏਗਾ।