ਅਮਰੀਕੀ ਸੰਸਦ ਮੈਂਬਰਾਂ ਨੇ ''ਇੰਡੀਆ ਡੇਅ ਪਰੇਡ'' ''ਚ ਬੁਲਡੋਜ਼ਰ ਚਲਾਉਣ ਦੀ ਕੀਤੀ ਨਿੰਦਾ

Saturday, Sep 03, 2022 - 06:14 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਦੋ ਚੋਟੀ ਦੇ ਸੰਸਦ ਮੈਂਬਰਾਂ ਨੇ ਨਿਊਜਰਸੀ ਦੇ ਐਡੀਸਨ ‘ਚ ਪਿਛਲੇ ਮਹੀਨੇ ‘ਇੰਡੀਆ ਡੇਅ ਪਰੇਡ’ ਮੌਕੇ ਬੁਲਡੋਜ਼ਰ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ। ਸੈਨੇਟਰ ਬੌਬ ਮੇਨੇਡੇਜ਼ ਅਤੇ ਕੋਰੀ ਬੁਕਰ ਨੇ ਇਸ ਹਫ਼ਤੇ ਭਾਰਤੀ-ਅਮਰੀਕੀ ਮੁਸਲਿਮ ਕੌਂਸਲ ਦੇ ਇਕ ਵਫ਼ਦ ਅਤੇ ਭਾਈਚਾਰੇ ਦੇ ਕਈ ਸਮੂਹਾਂ ਨਾਲ ਮੁਲਾਕਾਤ ਕੀਤੀ, ਜੋ ਐਡੀਸਨ ਸਿਟੀ ਵਿੱਚ ਪ੍ਰਸਿੱਧ ਇੰਡੀਆ ਡੇਅ ਪਰੇਡ ਵਿੱਚ ਬੁਲਡੋਜ਼ਰ ਚਲਾਉਣ ਦੇ ਵਿਰੁੱਧ ਸਨ। ਮੁਸਲਿਮ ਸਮੂਹਾਂ ਨੇ ਦੋਸ਼ ਲਾਇਆ ਕਿ ਬੁਲਡੋਜ਼ਰ ਨਫ਼ਰਤ ਅਪਰਾਧ ਦਾ ਪ੍ਰਤੀਕ ਬਣ ਗਿਆ ਹੈ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖ਼ਾਸ ਤੌਰ 'ਤੇ ਕੁਝ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਲਈ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕੀਤੀ। ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਸੈਨੇਟਰ ਮੇਨੇਡੇਜ਼ ਅਤੇ ਬੁਕਰ ਨੇ ਸ਼ੁੱਕਰਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਕਿਹਾ, "ਇਸ ਹਫ਼ਤੇ ਅਸੀਂ ਨਿਊ ਜਰਸੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਨੇਤਾਵਾਂ ਅਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜੋ ਪਿਛਲੇ ਮਹੀਨੇ ਐਡੀਸਨ ਵਿੱਚ ਇੰਡੀਆ ਡੇਅ ਪਰੇਡ ਵਿੱਚ ਬੁਲਡੋਜ਼ਰ ਦੇ ਪ੍ਰਦਰਸ਼ਨ ਤੋਂ ਬਹੁਤ ਪਰੇਸ਼ਾਨ ਅਤੇ ਨਾਰਾਜ਼ ਸਨ।" ਉਨ੍ਹਾਂ ਕਿਹਾ, "ਬੁਲਡੋਜ਼ਰ ਭਾਰਤ ਵਿੱਚ ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਨੂੰ ਡਰਾਉਣ ਦਾ ਪ੍ਰਤੀਕ ਬਣ ਗਿਆ ਹੈ ਅਤੇ ਇਸ ਨੂੰ ਸਮਾਰੋਹ ਵਿੱਚ ਸ਼ਾਮਲ ਕਰਨਾ ਗ਼ਲਤ ਸੀ।" ਜ਼ਿਕਰਯੋਗ ਹੈ ਕਿ 14 ਅਗਸਤ ਨੂੰ ਓਕ ਟ੍ਰੀ ਰੋਡ 'ਤੇ ਇੰਡੀਆ ਡੇ ਪਰੇਡ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਵਾਲਾ ਬੁਲਡੋਜ਼ਰ ਪ੍ਰਦਰਸ਼ਿਤ ਕੀਤਾ ਗਿਆ ਸੀ। ਐਡੀਸਨ ਦੇ ਮੇਅਰ ਸੈਮ ਜੋਸ਼ੀ ਨੇ ਇਸ ਦੀ ਨਿੰਦਾ ਕੀਤੀ ਹੈ। ਸਮਾਗਮ ਦੇ ਆਯੋਜਕ ਇੰਡੀਅਨ ਬਿਜਨੈੱਸ ਐਸੋਸੀਏਸ਼ਨ ਨੇ ਮੁਆਫੀ ਮੰਗੀ ਹੈ।


cherry

Content Editor

Related News