ਅਮਰੀਕੀ ਸੰਸਦ ਮੈਂਬਰਾਂ ਤੇ ਗਵਰਨਰਾਂ ਨੇ ਭਾਰਤ ਨੂੰ ਲੈ ਕੇ ਬਾਈਡੇਨ ਨੂੰ ਕੀਤੀ ਇਹ ਵੱਡੀ ਅਪੀਲ
Monday, Jun 07, 2021 - 04:32 PM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕਾ ’ਚ ਕਈ ਸੰਸਦ ਮੈਂਬਰਾਂ ਅਤੇ ਗਵਰਨਰਾਂ ਨੇ ਬਾਈਡੇਨ ਪ੍ਰਸ਼ਾਸਨ ਨੂੰ ਭਾਰਤ ਨੂੰ ਕੋਰੋਨਾ ਵੈਕਸੀਨ ਅਤੇ ਮੈਡੀਕਲ ਸਹਾਇਤਾ ਦੀ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸੰਕਟ ਤੇ ਇਸ ਵਿਸ਼ਵਵਿਆਪੀ ਮਹਾਮਾਰੀ ਕਾਰਨ ਉਥੇ ਇੱਕ ਤਬਾਹੀ ਵਾਲੀ ਸਥਿਤੀ ਹੈ। ਅਮਰੀਕਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਸ਼ਵ ਪੱਧਰੀ ਇਸ ਲੜਾਈ ’ਚ ਆਪਣੇ ਸਹਿਯੋਗੀਆਂ ਦੀ ਮਦਦ ਕਰੇ। ਐਤਵਾਰ ਨੂੰ ਭਾਰਤ ’ਚ ਕੋਰੋਨਾ ਦੇ 1,14,460 ਨਵੇਂ ਕੇਸ ਸਾਹਮਣੇ ਆਏ, ਜੋ 60 ਦਿਨਾਂ ਦੀ ਮਿਆਦ ’ਚ ਸਭ ਤੋਂ ਘੱਟ ਗਿਣਤੀ ਹੈ।
ਇਹ ਵੀ ਪੜ੍ਹੋ : ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਇਸ ਦੇ ਨਾਲ ਰੋਜ਼ਾਨਾ ਲਾਗ ਦੀ ਦਰ ਘਟ ਕੇ 5.62 ਫੀਸਦੀ ’ਤੇ ਆ ਗਈ ਹੈ। ਲਾਗ ਦੇ ਨਵੇਂ ਕੇਸਾਂ ਦੇ ਨਾਲ ਦੇਸ਼ ’ਚ ਮਹਾਮਾਰੀ ਦੇ ਕੁਲ ਕੇਸਾਂ ਦੀ ਗਿਣਤੀ ਵਧ ਕੇ 2,88,09,339 ਹੋ ਗਈ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ, “ਭਾਰਤ ਇੱਕ ਵਿਨਾਸ਼ਕਾਰੀ ਸੰਕਟ ’ਚ ਹੈ ਅਤੇ ਅਜਿਹੀ ਸਥਿਤੀ ਵਿੱਚ ਬਾਈਡੇਨ (ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ) ਤੋਂ ਹੋਰ ਕਾਰਵਾਈ ਦੀ ਉਮੀਦ ਕੀਤੀ ਜਾਂਦੀ ਹੈ। ਸਾਡੇ ਸਭ ਤੋਂ ਮਹੱਤਵਪੂਰਨ ਗਲੋਬਲ ਸਹਿਯੋਗੀ ਦੇਸ਼ਾਂ ’ਚੋਂ ਇਕ ਨੂੰ ਕੋਰੋਨਾ ਵੈਕਸੀਨ ਅਤੇ ਮੈਡੀਕਲ ਸਪਲਾਈ ਦੇ ਰੂਪ ’ਚ ਇਸ ਵਾਇਰਸ ਵਿਰੁੱਧ ਲੜਾਈ ’ਚ ਵਧੇਰੇ ਮਦਦ ਦੀ ਜ਼ਰੂਰਤ ਹੈ। ਰਿਪਬਲਿਕ ਪਾਰਟੀ ਤੋਂ ਸੀਨੇਟਰ ਟੇਡ ਕਰੂਜ਼ ਨੇ ਕਿਹਾ, “ਭਾਰਤ ਅਮਰੀਕਾ ਦਾ ਇਕ ਮਹੱਤਵਪੂਰਨ ਦੋਸਤ ਹੈ। ਬਾਈਡੇਨ ਦਾ ਟੀਕਾ ਸਾਂਝਾ ਕਰਨ ਸਬੰਧੀ ਪ੍ਰੋਗਰਾਮ ਦੋਸ਼ਪੂਰਨ ਹੈ। ਸਾਨੂੰ ਭਾਰਤ ਵਰਗੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਕੋਰੋਨਾ ਵਿਰੋਧੀ ਟੀਕੇ ਉਨ੍ਹਾਂ ਨੂੰ ਉਪਲੱਬਧ ਹੋਣ, ਜਿਨ੍ਹਾਂ ਨੂੰ ਇਨ੍ਹਾਂ ਨੂੰ ਸਖ਼ਤ ਜ਼ਰੂਰਤ ਹੈ।”
ਇਹ ਵੀ ਪੜ੍ਹੋ : ਜੀ-7 ਸ਼ਿਖਰ ਸੰਮੇਲਨ : 2022 ਦੇ ਅਖੀਰ ਤੱਕ ਦੁਨੀਆ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਰੱਖਾਂਗੇ ਟੀਚਾ : ਜੋਹਨਸਨ
ਸੀਨੇਟ ਆਰਮਡ ਸਰਵਿਸਿਜ਼ ਕਮੇਟੀ ਦੇ ਮੈਂਬਰ ਸੀਨੇਟਰ ਰੋਜਰ ਵਿਕਰ ਨੇ ਕਿਹਾ ਕਿ ਅਮਰੀਕਾ ਲਈ ਇਹ ਸਹਾਇਤਾ ਜਾਰੀ ਰੱਖਣਾ ਜ਼ਰੂਰੀ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੂਜੇ ਦੇਸ਼ਾਂ ਦੀ ਮਦਦ ਕਰਦਾ ਰਹੇ। ਉਨ੍ਹਾਂ ਕਿਹਾ, “ਭਾਰਤ ਵਰਗੇ ਸਹਿਯੋਗੀ ਦੇਸ਼ਾਂ ਨੂੰ ਵਾਧੂ ਟੀਕੇ ਭੇਜਣਾ ਸਹੀ ਕਦਮ ਹੈ।” ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਮਾਈਕਲ ਮੈੱਕਾਲ ਨੇ ਟਵੀਟ ਕੀਤਾ, “ਬਹੁਤ ਜ਼ਰੂਰੀ ਟੀਕੇ ਅਤੇ ਹੋਰ ਮੈਡੀਕਲ ਸਪਲਾਈ ਨੂੰ ਭਾਰਤ ਭੇਜਿਆ ਜਾਵੇਗਾ ਅਤੇ ਇਸ ਤਰ੍ਹਾਂ ਲੰਮੇ ਸਮੇਂ ਤੋਂ ਸਹਿਯੋਗੀ ਰਹੇ ਇਸ ਦੇਸ਼ ਦੀ ਮਦਦ ਕੀਤੀ ਜਾਏਗੀ। ਇਹ ਦੇਖ ਕੇ ਖੁਸ਼ੀ ਹੋਈ।’’ ਸੰਸਦ ਦੀ ਆਰਮਡ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਐਡਮ ਸਮਿੱਥ ਨੇ ਕਿਹਾ, “ਭਾਰਤ ਅਤੇ ਹੋਰ ਦੇਸ਼ਾਂ ’ਚ ਕੋਰੋਨਾ ਸੰਕਟ ਵਿਨਾਸ਼ਕਾਰੀ ਰਿਹਾ ਹੈ। ਉਥੇ ਅਜੇ ਹੋਰ ਟੀਕੇ ਅਤੇ ਮੈਡੀਕਲ ਸਪਲਾਈ ਭੇਜਣ ਦੀ ਜ਼ਰੂਰਤ ਹੁਣ ਵੀ ਬਣੀ ਹੋਈ ਹੈ।
ਕੋਰੋਨਾ ਨੂੰ ਹਰਾਉਣ ਲਈ ਸਾਨੂੰ ਆਪਣੇ ਦੇਸ਼ ਅਤੇ ਦੁਨੀਆ ਭਰ ਵਿਚ ਇਸ ਵਾਇਰਸ ਨਾਲ ਲੜਨਾ ਪਵੇਗਾ।” ਸਮਿਥ ਨੇ ਦੂਜੇ ਦੇਸ਼ਾਂ ਦੀ ਮਦਦ ਲਈ ਬਾਈਡੇਨ ਪ੍ਰਸ਼ਾਸਨ ਵੱਲੋਂ ਚੁੱਕੇ ਕਦਮਾਂ ਦੀ ਵੀ ਸ਼ਲਾਘਾ ਕੀਤੀ। ਭਾਰਤੀ ਮੂਲ ਦੇ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਲੋੜ ਸਮੇਂ ਅਮਰੀਕਾ ਦੀ ਮਦਦ ਕੀਤੀ, ਉਸੇ ਤਰ੍ਹਾਂ ਅਮਰੀਕਾ ਨੂੰ ਵੀ ਟੀਕੇ ਭੇਜ ਕੇ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ।