US ''ਚ H-1B ਵੀਜ਼ਾ ਪ੍ਰੋਗਰਾਮ ਖਤਮ ਕਰਨ ਲਈ ਬਿੱਲ ਪੇਸ਼, ਭਾਰਤੀਆਂ ''ਤੇ ਲਟਕੀ ਤਲਵਾਰ

Tuesday, Feb 10, 2026 - 07:37 PM (IST)

US ''ਚ H-1B ਵੀਜ਼ਾ ਪ੍ਰੋਗਰਾਮ ਖਤਮ ਕਰਨ ਲਈ ਬਿੱਲ ਪੇਸ਼, ਭਾਰਤੀਆਂ ''ਤੇ ਲਟਕੀ ਤਲਵਾਰ

ਵਾਸ਼ਿੰਗਟਨ: ਅਮਰੀਕਾ ਵਿੱਚ ਕੰਮ ਕਰਨ ਦੇ ਚਾਹਵਾਨ ਭਾਰਤੀ ਪੇਸ਼ੇਵਰਾਂ ਲਈ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਕ ਅਮਰੀਕੀ ਕਾਨੂੰਨਸਾਜ਼ ਨੇ H-1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ। ਫਲੋਰਿਡਾ ਤੋਂ ਰਿਪਬਲਿਕਨ ਪ੍ਰਤੀਨਿਧੀ ਗ੍ਰੇਗ ਸਟੀਬੇ ਨੇ 'ਐਂਡਿੰਗ ਐਕਸਪਲੋਇਟੇਟਿਵ ਇੰਪੋਰਟਡ ਲੇਬਰ ਐਗਜ਼ੈਂਪਸ਼ਨ ਐਕਟ' ਜਾਂ 'ਐਕਜ਼ਾਈਲ ਐਕਟ' (EXILE Act) ਪੇਸ਼ ਕੀਤਾ ਹੈ, ਜਿਸ ਦਾ ਉਦੇਸ਼ ਇਮੀਗ੍ਰੇਸ਼ਨ ਅਤੇ ਨੈਸ਼ਨਲਿਟੀ ਐਕਟ ਵਿੱਚ ਸੋਧ ਕਰਕੇ H-1B ਵੀਜ਼ਾ ਪ੍ਰਣਾਲੀ ਨੂੰ ਖਤਮ ਕਰਨਾ ਹੈ।

ਅਮਰੀਕੀ ਕਾਮਿਆਂ ਦੇ ਹਿੱਤਾਂ ਦਾ ਹਵਾਲਾ
ਸਟੀਬੇ ਅਨੁਸਾਰ, ਕਾਰਪੋਰੇਸ਼ਨਾਂ ਨੇ ਵਾਰ-ਵਾਰ ਇਸ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਹੈ ਅਤੇ ਅਮਰੀਕਾ ਵਿੱਚ ਸਸਤੀ ਵਿਦੇਸ਼ੀ ਲੇਬਰ ਦੀ ਦਰਾਮਦ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਅਮਰੀਕੀ ਨਾਗਰਿਕਾਂ ਦੀ ਖੁਸ਼ਹਾਲੀ ਦੀ ਬਜਾਏ ਵਿਦੇਸ਼ੀ ਲੇਬਰ ਨੂੰ ਤਰਜੀਹ ਦੇਣਾ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਕਾਰਨ ਨੌਕਰੀਆਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ ਅਤੇ 'ਅਮਰੀਕੀ ਸੁਪਨੇ' ਨੂੰ ਬਚਾਉਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ।

ਭਾਰਤੀਆਂ 'ਤੇ ਪਵੇਗਾ ਵੱਡਾ ਅਸਰ
ਇਹ ਬਿੱਲ ਭਾਰਤੀਆਂ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ ਕਿਉਂਕਿ H-1B ਵੀਜ਼ਾ ਪ੍ਰਾਪਤ ਕਰਨ ਵਾਲਿਆਂ ਵਿੱਚੋਂ 80 ਫੀਸਦੀ ਤੋਂ ਵੱਧ ਭਾਰਤੀ ਜਾਂ ਚੀਨੀ ਨਾਗਰਿਕ ਹੁੰਦੇ ਹਨ। ਸੂਤਰਾਂ ਅਨੁਸਾਰ, ਟ੍ਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਕਾਨੂੰਨੀ ਇਮੀਗ੍ਰੇਸ਼ਨ 'ਤੇ ਸ਼ਿਕੰਜਾ ਕੱਸਦੇ ਹੋਏ ਨਵੇਂ H-1B ਵੀਜ਼ਿਆਂ 'ਤੇ 100,000 ਡਾਲਰ ਦੀ ਫੀਸ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਨਾਲ ਭਾਰਤੀ ਪੇਸ਼ੇਵਰਾਂ ਵਿੱਚ ਕਾਫੀ ਦਹਿਸ਼ਤ ਫੈਲ ਗਈ ਸੀ।

ਕਾਰਪੋਰੇਟ ਜਗਤ 'ਚ ਛਾਂਟੀ ਦੇ ਅੰਕੜੇ
ਬਿੱਲ ਦੇ ਸਮਰਥਨ 'ਚ ਦਿੱਤੇ ਗਏ ਤੱਥਾਂ ਅਨੁਸਾਰ ਮਾਈਕ੍ਰੋਸਾਫਟ ਨੇ 2025 'ਚ 9,000 ਤੋਂ ਵੱਧ H-1B ਵੀਜ਼ਿਆਂ ਦੀ ਮਨਜ਼ੂਰੀ ਤੋਂ ਬਾਅਦ 16,000 ਤੋਂ ਵੱਧ ਕਰਮਚਾਰੀਆਂ ਨੂੰ ਹਟਾਇਆ। ਡਿਜ਼ਨੀ ਨੇ 2015 ਵਿੱਚ 250 ਕਰਮਚਾਰੀਆਂ ਦੀ ਛਾਂਟੀ ਕਰਕੇ ਉਨ੍ਹਾਂ ਦੀ ਜਗ੍ਹਾ H-1B ਵੀਜ਼ਾ ਰਾਹੀਂ ਆਏ ਵਿਦੇਸ਼ੀ ਕਾਮੇ ਰੱਖੇ ਗਏ। ਫੈਡਐਕਸ (FedEx) ਨੂੰ H-1B ਦੀ ਵਰਤੋਂ ਕਾਰਨ ਅਮਰੀਕਾ 'ਚ 100 ਤੋਂ ਵੱਧ ਸਹੂਲਤਾਂ ਬੰਦ ਕਰਨੀਆਂ ਪਈਆਂ। ਸਾਊਦਰਨ ਕੈਲੀਫੋਰਨੀਆ ਐਡੀਸਨ ਨੇ 2014 ਵਿੱਚ 540 ਕਰਮਚਾਰੀਆਂ ਨੂੰ ਕੱਢ ਕੇ ਦੋ ਭਾਰਤੀ ਆਊਟਸੋਰਸਿੰਗ ਫਰਮਾਂ ਦੇ ਕਾਮਿਆਂ ਨੂੰ ਨੌਕਰੀ ਦਿੱਤੀ ਗਈ।

ਵੀਜ਼ਾ ਪ੍ਰਕਿਰਿਆ ਹੋਈ ਸਖ਼ਤ
ਸਿਰਫ਼ ਬਿੱਲ ਹੀ ਨਹੀਂ, ਸਗੋਂ ਮੌਜੂਦਾ ਨਿਯਮਾਂ ਨੂੰ ਵੀ ਸਖ਼ਤ ਕਰ ਦਿੱਤਾ ਗਿਆ ਹੈ। 15 ਦਸੰਬਰ ਤੋਂ ਸਟੇਟ ਡਿਪਾਰਟਮੈਂਟ ਨੇ H-1B ਅਤੇ H-4 ਵੀਜ਼ਾ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਸਮੇਤ ਸਖ਼ਤ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਭਾਰਤ ਵਿੱਚ ਕਈ ਵੀਜ਼ਾ ਇੰਟਰਵਿਊ ਮੁਲਤਵੀ ਕਰ ਦਿੱਤੇ ਗਏ ਹਨ, ਜਿਸ ਨਾਲ ਭਾਰਤ ਆਏ ਕਈ ਵੀਜ਼ਾ ਧਾਰਕ ਉੱਥੇ ਹੀ ਫਸ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News