ਹੁਣ ਬਣੇਗੀ ਦੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ
Thursday, Apr 09, 2026 - 02:09 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੂੰ ਰੋਕਣ ਲਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਹੁਣ ਵਿਸ਼ਵ ਕੂਟਨੀਤੀ ਦਾ ਕੇਂਦਰ ਬਣ ਗਈ ਹੈ। ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਦਾ 10 ਮੈਂਬਰੀ ਉੱਚ-ਪੱਧਰੀ ਵਫ਼ਦ ਅੱਜ ਰਾਤ (ਵੀਰਵਾਰ) ਇਸਲਾਮਾਬਾਦ ਪਹੁੰਚ ਰਿਹਾ ਹੈ, ਤਾਂ ਜੋ ਸ਼ੁੱਕਰਵਾਰ ਨੂੰ ਅਮਰੀਕੀ ਪ੍ਰਤੀਨਿਧਾਂ ਨਾਲ ਸਿੱਧੀ ਗੱਲਬਾਤ ਕੀਤੀ ਜਾ ਸਕੇ।
ਪਾਕਿਸਤਾਨ ਵਿੱਚ ਇਰਾਨੀ ਰਾਜਦੂਤ ਰਜ਼ਾ ਅਮੀਰੀ ਮੋਘਦਮ ਨੇ ਦੱਸਿਆ ਕਿ ਇਰਾਨੀ ਵਫ਼ਦ ਆਪਣੇ '10-ਨੁਕਾਤੀ ਪ੍ਰਸਤਾਵ' ਦੇ ਆਧਾਰ 'ਤੇ ਗੰਭੀਰ ਚਰਚਾ ਕਰੇਗਾ। ਇਸ ਵਿੱਚ ਜੰਗਬੰਦੀ ਨੂੰ ਸਥਾਈ ਬਣਾਉਣ ਅਤੇ ਖੇਤਰ ਵਿੱਚੋਂ ਵਿਦੇਸ਼ੀ ਫੌਜਾਂ ਦੀ ਵਾਪਸੀ ਵਰਗੇ ਮੁੱਦੇ ਸ਼ਾਮਲ ਹੋ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕਾ ਵੱਲੋਂ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਇਸ ਗੱਲਬਾਤ ਦੀ ਅਗਵਾਈ ਕਰ ਸਕਦੇ ਹਨ। ਹਾਲਾਂਕਿ ਅਮਰੀਕੀ ਵਫ਼ਦ ਦੇ ਪਹੁੰਚਣ ਦਾ ਸਹੀ ਸਮਾਂ ਅਜੇ ਗੁਪਤ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀਆਂ ਕੋਸ਼ਿਸ਼ਾਂ ਸਦਕਾ ਦੋਵੇਂ ਦੇਸ਼ ਮੇਜ਼ 'ਤੇ ਬੈਠਣ ਲਈ ਤਿਆਰ ਹੋਏ ਹਨ। ਇਰਾਨੀ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਨੇ ਜੰਗ ਖ਼ਤਮ ਕਰਨ ਲਈ ਪਾਕਿਸਤਾਨ ਦੀ ਉਸਾਰੂ ਅਤੇ ਜ਼ਿੰਮੇਵਾਰ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਭਾਵੇਂ ਇਹ ਗੱਲਬਾਤ ਹੋਣ ਜਾ ਰਹੀ ਹੈ, ਪਰ ਇਰਾਨ ਨੇ ਇਜ਼ਰਾਈਲ 'ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਇਰਾਨੀ ਰਾਜਦੂਤ ਅਨੁਸਾਰ, ਇਜ਼ਰਾਈਲ ਵੱਲੋਂ ਲਿਬਨਾਨ 'ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਾਰਨ ਇਰਾਨੀ ਜਨਤਾ ਵਿੱਚ ਇਸ ਸ਼ਾਂਤੀ ਗੱਲਬਾਤ ਨੂੰ ਲੈ ਕੇ ਸ਼ੱਕ ਅਤੇ ਗੁੱਸਾ ਬਣਿਆ ਹੋਇਆ ਹੈ।
ਇਸਲਾਮਾਬਾਦ ਵਿੱਚ ਸ਼ੁੱਕਰਵਾਰ (10 ਅਪ੍ਰੈਲ) ਨੂੰ ਹੋਣ ਵਾਲੀ ਇਹ ਬੈਠਕ ਤੈਅ ਕਰੇਗੀ ਕਿ ਕੀ ਦੁਨੀਆ ਇੱਕ ਵੱਡੀ ਤਬਾਹੀ ਤੋਂ ਬਚ ਸਕੇਗੀ ਜਾਂ ਨਹੀਂ। ਜੇਕਰ ਗੱਲਬਾਤ ਸਫਲ ਰਹਿੰਦੀ ਹੈ, ਤਾਂ ਹੋਰਮੁਜ਼ ਦੀ ਸਟ੍ਰੇਟ ਰਾਹੀਂ ਤੇਲ ਦੀ ਸਪਲਾਈ ਮੁੜ ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਪਾਕਿਸਤਾਨ ਸਮੇਤ ਪੂਰੀ ਦੁਨੀਆ ਨੂੰ ਆਰਥਿਕ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
