ਟਰੰਪ ਦੀ ਧਮਕੀ ਦਰਮਿਆਨ ਈਰਾਨ ਦਾ ਵੱਡਾ ਦਾਅਵਾ! US ਦੇ 2''ਬਲੈਕ ਹਾਕ'' ਹੈਲੀਕਾਪਟਰ ਕੀਤੇ ਤਬਾਹ
Sunday, Apr 05, 2026 - 12:35 AM (IST)
ਤਹਿਰਾਨ/ਵਾਸ਼ਿੰਗਟਨ: ਮੱਧ ਪੂਰਬ 'ਚ ਜਾਰੀ ਤਣਾਅ ਹੁਣ ਸਿੱਧੇ ਫੌਜੀ ਟਕਰਾਅ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ (IRGC) ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਦੋ ਬਲੈਕ ਹਾਕ ਹੈਲੀਕਾਪਟਰਾਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ 48 ਘੰਟਿਆਂ ਦੇ ਅੰਦਰ ਭਿਆਨਕ ਹਮਲੇ ਦੀ ਚਿਤਾਵਨੀ ਦਿੱਤੀ ਹੋਈ ਹੈ।
ਅਮਰੀਕਾ ਲਈ 'ਕਾਲਾ ਸ਼ੁੱਕਰਵਾਰ'
ਈਰਾਨ ਦੀ ਸੰਯੁਕਤ ਫੌਜੀ ਕਮਾਂਡ ਦੇ ਬੁਲਾਰੇ ਇਬਰਾਹਿਮ ਜ਼ੋਲਫਾਗਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੁਸ਼ਮਣ ਦੇ ਕਈ ਟਿਕਾਣਿਆਂ 'ਤੇ ਹਮਲੇ ਕੀਤੇ ਗਏ, ਜਿਨ੍ਹਾਂ ਵਿੱਚ ਇਹ ਹੈਲੀਕਾਪਟਰ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਦਿਨ ਨੂੰ ਅਮਰੀਕੀ ਅਤੇ 'ਜ਼ਾਇਓਨੀ' ਦੁਸ਼ਮਣਾਂ ਲਈ 'ਕਾਲਾ ਅਤੇ ਅਪਮਾਨਜਨਕ ਸ਼ੁੱਕਰਵਾਰ' ਕਰਾਰ ਦਿੱਤਾ। ਈਰਾਨੀ ਮੀਡੀਆ ਵੱਲੋਂ ਇਨ੍ਹਾਂ ਹਮਲਿਆਂ ਦੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਹਨ।
ਹੋਰ ਅਮਰੀਕੀ ਜਹਾਜ਼ਾਂ 'ਤੇ ਵੀ ਹਮਲੇ ਦਾ ਦਾਅਵਾ
ਬਲੈਕ ਹਾਕ ਤੋਂ ਇਲਾਵਾ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਅਮਰੀਕੀ A-10 ਥੰਡਰਬੋਲਟ II ਨੂੰ ਵੀ ਨਿਸ਼ਾਨਾ ਬਣਾਇਆ, ਜੋ ਫਾਰਸ ਦੀ ਖਾੜੀ ਵਿੱਚ ਜਾ ਡਿੱਗਿਆ। ਇਸ ਦੇ ਨਾਲ ਹੀ ਇੱਕ F-15E ਸਟ੍ਰਾਈਕ ਈਗਲ ਲੜਾਕੂ ਜਹਾਜ਼ 'ਤੇ ਵੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ F-15E ਵਿੱਚ ਸਵਾਰ ਦੋ ਪਾਇਲਟਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਹੈ, ਜਦਕਿ ਦੂਜੇ ਦੀ ਭਾਲ ਦੱਖਣੀ-ਪੱਛਮੀ ਈਰਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਜਾਰੀ ਹੈ। ਈਰਾਨ ਨੇ ਕੁਵੈਤ ਵਿੱਚ ਇੱਕ ਅਮਰੀਕੀ CH-47 ਚਿਨੂਕ ਹੈਲੀਕਾਪਟਰ 'ਤੇ ਵੀ ਹਮਲਾ ਕਰਨ ਦਾ ਦਾਅਵਾ ਕੀਤਾ ਹੈ।
ਅਮਰੀਕਾ ਦੀ ਚੁੱਪ ਤੇ ਟਰੰਪ ਦਾ ਅਲਟੀਮੇਟਮ
ਹਾਲਾਂਕਿ ਈਰਾਨ ਵੱਲੋਂ ਕੀਤੇ ਗਏ ਇਨ੍ਹਾਂ ਵੱਡੇ ਦਾਅਵਿਆਂ ਦੀ ਅਮਰੀਕਾ ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਈਰਾਨ ਨੂੰ ਚਿਤਾਵਨੀ ਦੇ ਰਹੇ ਹਨ ਕਿ ਜੇਕਰ 48 ਘੰਟਿਆਂ 'ਚ Strait of Hormuz ਨਾ ਖੋਲ੍ਹਿਆ ਗਿਆ ਤਾਂ ਈਰਾਨ 'ਤੇ ਕਹਿਰ ਵਰ੍ਹੇਗਾ।
ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਦਾਅਵੇ ਸੱਚ ਸਾਬਤ ਹੁੰਦੇ ਹਨ ਤਾਂ ਇਹ ਅਮਰੀਕੀ ਹਵਾਈ ਸੈਨਾ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ ਕਿਉਂਕਿ F-15E ਅਤੇ ਬਲੈਕ ਹਾਕ ਅਮਰੀਕਾ ਦੇ ਸਭ ਤੋਂ ਆਧੁਨਿਕ ਫੌਜੀ ਸਾਜ਼ੋ-ਸਾਮਾਨ 'ਚੋਂ ਇੱਕ ਹਨ। ਫਿਲਹਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਖ਼ਤਰਨਾਕ ਮੋੜ 'ਤੇ ਪਹੁੰਚ ਚੁੱਕੇ ਸੰਘਰਸ਼ 'ਤੇ ਟਿਕੀਆਂ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
