ਟਰੰਪ ਨੂੰ ਝਟਕਾ, TikTok ਬੈਨ ਦੇ ਹੁਕਮ ’ਤੇ ਕੋਰਟ ਨੇ ਲਗਾਈ ਰੋਕ
Monday, Sep 28, 2020 - 05:21 PM (IST)

ਗੈਜੇਟ ਡੈਸਕ– ਅਮਰੀਕੀ ਫੈਡਰਲ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨੀ ਐਪ ਟਿਕਟੌਕ ਨੂੰ ਬੈਨ ਕਰਨ ਦੇ ਹੁਕਮ ’ਤੇ ਰੋਕ ਲਗਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਹਾਲ ਹੀ ’ਚ ਟਿਕਟੌਕ ਨੂੰ ਡਾਊਨਲੋਡ ਕਰਨ ਤੋਂ ਰੋਕਣ ਲਈ ਹੁਕਮ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਟਿਕਟੌਕ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ। ਪਰ ਹੁਣ ਸਾਹਮਣੇ ਆਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਬੈਨ ’ਤੇ ਰੋਕ ਲਗਾ ਦਿੱਤੀ ਗਈ ਹੈ ਜੋ ਕਿ ਟਰੰਪ ਪ੍ਰਸ਼ਾਸਨ ਲਈ ਇਕ ਵੱਡਾ ਝਟਕਾ ਹੈ।
ਨਿਊਜ਼ ਏਜੰਸੀ ਏ.ਐੱਨ.ਆਈ. ਨੇ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਇਹ ਜਾਣਕਾਰੀ ਆਪਣੇ ਟਵਿਟਰ ਹੈਂਡਲ ਰਾਹੀਂ ਸਾਂਝੀ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਵਾਸ਼ਿੰਗਟਨ ’ਚ ਦੇਰ ਰਾਤ ਇਕ ਫੈਡਲਰ ਕੋਰਟ ਦੇ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨੀ ਐਪ ਟਿਕਟੌਕ ਨੂੰ ਐਪ ਸਟੋਰ ’ਤੇ ਬੈਨ ਕਰਨ ਦੇ ਹੁਕਮ ’ਤੇ ਰੋਕ ਲਗਾ ਦਿੱਤੀ ਹੈ।
ਵਾਸ਼ਿੰਗਟਨ ’ਚ ਐਤਵਾਰ ਦੇਰ ਰਾਤ ਨੂੰ ਇਕ ਅਮਰੀਕੀ ਜੱਜ ਕਾਰਲ ਨਿਕੋਲਸ ਨੇ ਟਰੰਪ ਪ੍ਰਸ਼ਾਸਨ ਦੇ ਉਸ ਹੁਕਮ ’ਤੇ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਹੈ ਜਿਸ ਮੁਤਾਬਕ, ਐਪਲ ਇੰਕ ਦੇ ਐਪਸ ਸਟੋਰ ਅਤੇ ਅਲਫਾਬੇਟ ਇੰਕ ਦੇ ਗੂਗਲ ਪਲੇਅ ਸਟੋਰ ’ਤੇ ਚੀਨ ਦੇ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਟਿਕਟੌਕ ਨੂੰ ਐਤਵਾਰ ਰਾਤ ਨੂੰ 11:59 ਵਜੇ ਤੋਂ ਬਾਅਦ ਡਾਊਨਲੋਡ ਕਰਨ ’ਤੇ ਪਾਬੰਦੀ ਲਗਾਈ ਗਈ ਸੀ। ਅਮਰੀਕੀ ਜ਼ਿਲ੍ਹਾ ਜੱਜ ਕਾਰਲ ਨਿਕੋਲਸ ਨੇ ਇਸ ਬੈਨ ਦੇ ਹੁਕਮ ’ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਉਹ ਟਿਕਟੌਕ ਐਪ ਸਟੋਰ ’ਤੇ ਬੈਨ ਨੂੰ ਪ੍ਰਭਾਵੀ ਹੋਣ ਤੋਂ ਰੋਕਣ ਲਈ ਇਕ ਸ਼ੁਰੂਆਤੀ ਹੁਕਮ ਜਾਰੀ ਕਰ ਰਹੇ ਹਨ।
ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ 6 ਅਗਸਤ ਨੂੰ ਇਕ ਕਾਰਜਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਵਿਚ ਸ਼ਾਰਟ ਵੀਡੀਓ ਐਪ ਟਿਕਟੌਕ ਅਤੇ ਵੀਚੈਟ ’ਤੇ ਬੈਨ ਲਗਾਉਣ ਦਾ ਹੁਕਮ ਦਿੱਤਾ ਗਿਆ ਸੀ। ਪਰ ਟਰੰਪ ਪਸ਼ਾਸਨ ਨੂੰ ਨਿਆਂਇਕ ਤੌਰ ’ਤੇ ਦੂਜੀ ਵਾਰ ਝਟਕਾ ਲੱਗਾ ਹੈ ਕਿਉਂਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ, ਸੈਨ ਫ੍ਰਾਂਸਿਸਕੋ ’ਚ ਇਕ ਫੈਡਰਲ ਮੈਜਿਸਟਰੇਟ ਨੇ ਵੀਚੈਟ ਐਪ ਦੇ ਬੈਨ ਦੇ ਹੁਕਮ ਨੂੰ ਪਲਟ ਦਿੱਤਾ ਸੀ ਅਤੇ ਉਸ ’ਤੇ ਲੱਗੇ ਬੈਨ ’ਤੇ ਰੋਕ ਲਗਾ ਦਿੱਤੀ ਸੀ।