'ਅਮਰੀਕਾ ਡੇਅ' ਮੌਕੇ ਖਰਚ ਹੋਏ 8.22 ਕਰੋੜ ਰੁਪਏ : ਰੱਖਿਆ ਮੰਤਰਾਲੇ
Wednesday, Jul 10, 2019 - 03:29 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਜੁਲਾਈ ਨੂੰ ਅਮਰੀਕਾ ਡੇਅ ਮੌਕੇ ਆਪਣੇ ਦੇਸ਼ ਦੀ ਮਿਲਟਰੀ ਤਾਕਤ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਰੱਖਿਆ ਮੰਤਰਾਲੇ ਨੂੰ ਕਿਹਾ ਸੀ ਕਿ ਰਾਜਧਾਨੀ ਵਾਸ਼ਿੰਗਟਨ ਵਿਚ ਸਲਾਮੀ ਪਰੇਡ ਵਿਚ ਫੌਜ ਦੇ ਟੈਂਕਾਂ ਦੇ ਨਾਲ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਵੀ ਦਿਖਾਇਆ ਜਾਵੇ। ਹੁਣ ਰੱਖਿਆ ਮੰਤਰਾਲੇ ਪੇਂਟਾਗਨ ਨੇ ਕਿਹਾ ਹੈ ਕਿ ਇਸ ਕਾਰਨ ਫੌਜ ਨੂੰ ਘੱਟੋ-ਘੱਟ 1.2 ਮਿਲੀਅਨ ਡਾਲਰ (8 ਕਰੋੜ 22 ਲੱਖ 51 ਹਜ਼ਾਰ ਰੁਪਏ) ਚੁਕਾਉਣੇ ਪਏ।
ਪੇਂਟਾਗਨ ਨੇ ਇਕ ਬਿਆਨ ਵਿਚ ਕਿਹਾ ਕਿ 'ਸੈਲੀਊਟ ਟੂ ਅਮਰੀਕਾ' ਆਯੋਜਨ ਦੀ ਕੁੱਲ੍ਹ ਲਾਗਤ 1.2 ਮਿਲੀਅਨ ਡਾਲਰ ਤੋਂ ਵੱਧ ਸੀ। ਪੇਂਟਾਗਨ ਲਈ ਅਸਲੀ ਲਾਗਤ ਵੱਧ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਹਾਜ਼ ਪ੍ਰਦਰਸ਼ਨਾਂ ਲਈ ਧਨ ਮਿਲਟਰੀ ਸੇਵਾਵਾਂ ਦੇ ਸਿਖਲਾਈ ਬਜਟ ਵਿਚੋਂ ਦਿੱਤਾ ਗਿਆ ਸੀ।
ਫੌਜ ਨੇ ਤੁਰੰਤ ਇਸ ਆਯੋਜਨ ਦੇ ਖਰਚ ਦਾ ਵੇਰਵਾ ਨਹੀਂ ਦਿੱਤਾ ਪਰ ਹਵਾਈ ਫੌਜ ਨੇ ਦੱਸਿਆ ਹੈ ਕਿ ਇਕ ਘੰਟਾ ਬੀ-2 ਬੌਂਬਰ ਨੂੰ ਉਡਾਉਣ ਵਿਚ ਕਰੀਬ 122,000 ਡਾਲਰ ਦਾ ਖਰਚ ਆਉਂਦਾ ਹੈ।
ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਭਵਿੱਖ ਵਿਚ ਵੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਜ਼ਬਰਦਸਤ ਸਫਲਤਾ ਦੇ ਆਧਾਰ 'ਤੇ ਅਸੀਂ ਫੈਸਲਾ ਲੈ ਰਹੇ ਹਾਂ। ਅਸੀਂ ਫੈਸਲਾ ਕਰ ਲਿਆ ਹੈ ਕਿ ਅਗਲੇ ਸਾਲ ਅਜਿਹਾ ਦੁਬਾਰਾ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ 4 ਜੁਲਾਈ 1976 ਨੂੰ ਅਮਰੀਕਾ ਨੇ ਬ੍ਰਿਟੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਗਿਆ ਸੀ। ਇਸ ਦਿਨ ਨੂੰ ਅਮਰੀਕਾ ਆਜ਼ਾਦੀ ਦਿਹਾੜੇ ਦੇ ਰੂਪ ਵਿਚ ਮਨਾਉਂਦਾ ਹੈ।