USA ਜਾਣ ਦਾ ਸੁਫ਼ਨਾ ਵੇਖ ਰਹੇ ਭਾਰਤੀਆਂ ਨੂੰ ਝਟਕਾ, ਟਰੰਪ ਸਰਕਾਰ ਵਲੋਂ ਇਨ੍ਹਾਂ ਵੀਜ਼ਾ ਨਿਯਮਾਂ ''ਤੇ ਨਵੀਆਂ ਪਾਬੰਦੀਆਂ
Wednesday, Oct 07, 2020 - 06:29 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਐੱਚ-1ਬੀ ਵੀਜ਼ਾ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਅਮਰੀਕੀ ਸਰਕਾਰ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈਕਿ ਇਹ ਫ਼ੈਸਲਾ ਅਮਰੀਕੀ ਕਾਮਿਆਂ ਦੀ ਸੁਰੱਖਿਆ, ਅਖੰਡਤਾ ਦੀ ਬਹਾਲੀ ਅਤੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣ ਲਈ ਕੀਤਾ ਗਿਆ ਹੈ ਕਿ ਐੱਚ-1ਬੀ ਵੀਜ਼ਾ ਦੇ ਲਈ ਸਿਰਫ ਯੋਗ ਲਾਭ ਪਾਤਰੀਆਂ ਅਤੇ ਬਿਨੈਕਾਰਾਂ ਦੀ ਅਰਜ਼ੀ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ। ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਹਜ਼ਾਰਾਂ ਭਾਰਤੀਆਂ ਆਈ.ਟੀ. ਪੇਸ਼ੇਵਰਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਨਵੇਂ ਨਿਯਮਾਂ ਵਿਚ ਹੋਮਲੈਂਡ ਸਿਕਿਓਰਿਟੀ ਵਿਭਾਗ ਵੱਲੋਂ ਪ੍ਰਸਤਾਵਿਤ ਮੌਜੂਦਾ ਨਿਯਮਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਕਿਰਤ ਵਿਭਾਗ ਵੱਲੋਂ ਪ੍ਰਸਤਾਵਿਤ ਕੁਸ਼ਲ ਇਮੀਗ੍ਰੇਸ਼ਨ ਵੀਜ਼ਾ ਲਈ ਨਵੇਂ ਤਨਖਾਹ ਨਿਯਮ ਸ਼ਾਮਲ ਕੀਤੇ ਗਏ ਹਨ। ਜਦੋਂ ਕਿ ਫ਼ੈਸਲਾ ਸਾਬਕਾ ਸੰਘੀ ਰਜਿਸਟਰ ਵਿਚ ਪ੍ਰਕਾਸ਼ਿਤ ਹੋਣ ਤੋਂ 60 ਦਿਨਾਂ ਬਾਅਦ ਪ੍ਰਭਾਵ ਵਿਚ ਆਵੇਗਾ। ਇਹਨਾਂ ਨਿਯਮਾਂ ਨਾਲ ਐਚ-1 ਬੀ ਪਟੀਸ਼ਨਾਂ ਦੇ ਇਕ ਤਿਹਾਈ ਪ੍ਰਭਾਵਿਤ ਹੋਣ ਦੀ ਆਸ ਹੈ। ਇਮੀਗ੍ਰੇਸ਼ਨ ਮਾਹਰਾਂ ਨੇ ਦੱਸਿਆ ਕਿ ਇਨ੍ਹਾਂ ਤਬਦੀਲੀਆਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ।
ਤਿੰਨ ਕੰਮ ਕਰੇਗਾ ਨਵਾਂ ਨਿਯਮ-
1. ਇਹ ਵਿਸ਼ੇਸ਼ ਕਿੱਤੇ ਦੀ ਪਰਿਭਾਸ਼ਾ ਨੂੰ ਘੱਟ ਕਰੇਗਾ।
2. ਕੰਪਨੀਆਂ ਨੂੰ ਵਾਧੂ ਦਸਤਾਵੇਜ਼ ਇਹ ਸਾਬਤ ਕਰਨ ਲਈ ਲੋੜੀਂਦੇ ਹੋਣਗੇ ਕਿ ਉਹਨਾਂ ਨੂੰ ਅਮਰੀਕੀ ਕਾਮਿਆਂ ਨੂੰ ਵਿਸਥਾਪਿਤ ਕਰਨ ਤੋਂ ਰੋਕਣ ਲਈ ਐਚ-1ਬੀ ਵਰਕਰਾਂ ਦੀ ਲੋੜ ਹੈ।
3. ਫ਼ੈਸਲੇ ਨੂੰ ਲਾਗੂ ਕਰਨ ਲਈ DHS ਦੀ ਸ਼ਕਤੀ ਨੂੰ ਵਰਕਸਾਈਟ ਨਿਰੀਖਣ ਅਤੇ ਨਿਗਰਾਨੀ ਦੀ ਪਾਲਣਾ ਦੁਆਰਾ, ਐਚ-1ਬੀ ਪਟੀਸ਼ਨਾਂ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਵਧਾਇਆ ਜਾਵੇਗਾ।
ਨਿਯਮ ਨਾਲ ਐਚ-1 ਬੀ ਕਰਮਚਾਰੀਆਂ ਦੀ ਘੱਟੋ ਘੱਟ ਤਨਖਾਹ ਦੇ ਪੱਧਰ ਨੂੰ ਵੀ ਬਦਲਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਅਮਰੀਕਾ ਵਿਚ ਅਗਲੇ ਮਹੀਨੇ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਟਰੰਪ ਸਰਕਾਰ ਵੱਲੋਂ ਐੱਚ-1ਬੀ ਵੀਜ਼ਾ 'ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਨੂੰ ਰਾਜਨੀਤਕ ਫਾਇਦੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਐੱਚ-1ਬੀ ਵੀਜ਼ਾ ਦੇ ਜ਼ਰੀਏ ਰਾਸ਼ਟਰਪਤੀ ਟਰੰਪ ਅਮਰੀਕੀ ਨੌਜਵਾਨਾਂ ਦਾ ਭਰੋਸਾ ਜਿੱਤਣਾ ਚਾਹੁੰਦੇ ਹਨ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਨੇ ਵੀਜ਼ਾ ਦੇ ਨਿਯਮਾਂ ਵਿਚ ਤਬਦੀਲੀ ਕਰਦਿਆਂ ਕੁਝ ਨਵੀਆਂ ਪਾਬੰਦੀਆਂ ਲਗਾਈਆਂ ਸਨ ਪਰ ਪਿਛਲੇ ਹਫਤੇ ਹੀ ਅਮਰੀਕਾ ਵਿਚ ਇਕ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ 'ਤੇ ਲਗਾਈਆਂ ਅਸਥਾਈ ਪਾਬੰਦੀਆਂ ਨੂੰ ਰੋਕ ਦਿੱਤਾ ਸੀ।
ਇੱਥੇ ਦੱਸ ਦਈਏ ਕਿ ਐੱਚ-1ਬੀ ਵੀਜ਼ਾ ਇਕ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਵਿਸ਼ੇਸ਼ ਕਾਰੋਬਾਰਾਂ ਵਿਚ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਹਨਾਂ ਨੂੰ ਸਿਧਾਂਤਕ ਜਾਂ ਤਕਨੀਕੀ ਮਾਹਰਾਂ ਦੀ ਲੋੜ ਹੁੰਦੀ ਹੈ। ਇਸ ਵੀਜ਼ਾ ਦੇ ਜ਼ਰੀਏ ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਤੋਂ ਹਰੇਕ ਸਾਲ ਸੈਂਕੜੇ ਕਰਮਚਾਰੀਆਂ ਦੀ ਭਰਤੀ ਕਰਦੀ ਹੈ।ਵਿੱਤੀ ਸਾਲ 19 ਦੇ ਅੰਤ ਵਿਚ ਅਮਰੀਕਾ ਵਿਚ ਤਕਰੀਬਨ 1.3 ਲੱਖ ਭਾਰਤੀ ਐਚ-1 ਬੀ ਕਰਮਚਾਰੀ ਸਨ। ਭਾਰਤੀ ਹਰ ਸਾਲ ਜਾਰੀ ਕੀਤੇ 85,000 ਐੱਚ-1 ਬੀ ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ।