ਅਮਰੀਕਾ ਨੇ ਯੂਕਰੇਨ ਨੂੰ ਪਹੁੰਚਾਈ ਮਿਲਟਰੀ ਸਹਾਇਤਾ

01/22/2022 5:59:09 PM

ਕੀਵ (ਵਾਰਤਾ): ਯੂਕਰੇਨ-ਰੂਸ ਸਰਹੱਦ ’ਤੇ ਤਣਾਅ ਦਰਮਿਆਨ ਅਮਰੀਕਾ ਨੇ ਯੂਕਰੇਨ ਨੂੰ ਖ਼ਤਰਨਾਕ ਹਥਿਆਰਾਂ ਦੀ ਪਹਿਲੀ ਖੇਪ ਪਹੁੰਚਾ ਦਿੱਤੀ ਹੈ। ਕੀਵ ਵਿਚ ਅਮਰੀਕੀ ਦੂਤਘਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।

ਦੂਤਘਰ ਨੇ ਟਵਿੱਟਰ ’ਤੇ ਕਿਹਾ, ‘ਹਾਲ ਹੀ ਵਿਚ ਰਾਸ਼ਟਰਪਤੀ ਬਾਈਡੇਨ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਸਹਾਇਤਾ ਦੀ ਪਹਿਲੀ ਖੇਪ ਅੱਜ ਰਾਤ ਯੂਕਰੇਨ ਪਹੁੰਚੀ। ਇਸ ਸ਼ਿਪਮੈਂਟ ਵਿਚ ਲਗਭਗ 200,000 ਪੌਂਡ ਦੀ ਖ਼ਤਰਨਾਕ ਹਥਿਆਰਾਂ ਦੀ ਸਹਾਇਤਾ ਸ਼ਾਮਲ ਹੈ, ਜਿਸ ਵਿਚ ਯੂਕਰੇਨ ਦੇ ਫਰੰਟਲਾਈਨ ਡਿਫੈਂਡਰਾਂ ਲਈ ਗੋਲਾ ਬਾਰੂਦ ਵੀ ਸ਼ਾਮਲ ਹੈ। ਯੂਕਰੇਨ ਵੱਲ ਰੂਸ ਦੀ ਵੱਧਦੀ ਹਮਲਾਵਰਤਾ ਦੇ ਮੱਦੇਨਜ਼ਰ ਸਾਲ 2014 ਦੇ ਬਾਅਦ ਤੋਂ 2.7 ਬਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਉਸ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਅਮਰੀਕਾ ਦੀ ਵਚਨਬਧਤਾ ਨੂੰ ਦਰਸਾਉਂਦੀ ਹੈ।’

ਇਸ ਦੌਰਾਨ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਵਾਸ਼ਿੰਗਟਨ, ਯੂਕਰੇਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ, ਆਉਣ ਵਾਲੇ ਹਫ਼ਤਿਆਂ ਵਿਚ ਨਵੀਂ ਸਪਲਾਈ ਪਹੁੰਚਾਉਣ ਦੀ ਉਮੀਦ ਹੈ। ਦੂਜੇ ਪਾਸੇ ਰੂਸ ਵਾਰ-ਵਾਰ ਅਮਰੀਕਾ ਨੂੰ ਕੀਵ ਨੂੰ ਹਥਿਆਰ ਨਾ ਦੇਣ ਦੀ ਅਪੀਲ ਕਰ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿਚ ਅਮਰੀਕਾ ਅਤੇ ਯੂਕਰੇਨ ਨੇ ਰੂਸ ’ਤੇ ਦੋਸ਼ ਲਗਾਇਆ ਹੈ ਕਿ ਰੂਸ ਯੂਕਰੇਨ ’ਤੇ ਹਮਲਾ ਕਰਨ ਲਈ ਯੂਕਰੇਨ ਦੀ ਸਰਹੱਦ ਨੇੜੇ ਫੌਜਾਂ ਨੂੰ ਇਕੱਠਾ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਰੂਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਦਾ ਯੂਕਰੇਨ ’ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਉਸ ਨੂੰ ਆਪਣੇ ਖੇਤਰ ਵਿਚ ਫੌਜ ਭੇਜਣ ਦਾ ਅਧਿਕਾਰ ਹੈ।


cherry

Content Editor

Related News