ਤ੍ਰਿਪੋਲੀ ''ਚ ਅਮਰੀਕੀ ਦੂਤਘਰ ਹੈੱਡਕੁਆਰਟਰ ''ਤੇ ਗੋਲੀਬਾਰੀ
Wednesday, Sep 05, 2018 - 10:17 AM (IST)

ਤ੍ਰਿਪੋਲੀ (ਬਿਊਰੋ)— ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਸਰਕਾਰੀ ਬਲਾਂ ਅਤੇ ਮਿਲੀਸ਼ੀਆ ਵਿਚਕਾਰ ਜਾਰੀ ਹਿੰਸਕ ਝੜਪਾਂ ਵਿਚ ਮੰਗਲਵਾਰ ਨੂੰ ਅਮਰੀਕੀ ਦੂਤਘਰ ਹੈੱਡਕੁਆਰਟਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਇਕ ਸੂਤਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ,''ਅਮਰੀਕੀ ਦੂਤਘਰ ਦੀ ਇਮਾਰਤ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਮਿਜ਼ਾਈਲਾਂ ਕਾਰਨ ਅੱਗ ਲੱਗ ਗਈ, ਜਿਸ ਕਾਰਨ ਹੋਏ ਨੁਕਸਾਨ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।'' ਸੂਤਰ ਨੇ ਕਿਹਾ,''ਅੱਗ ਬੁਝਾਊ ਕਰਮਚਾਰੀ ਇਮਾਰਤ ਤੱਕ ਨਹੀਂ ਪਹੁੰਚ ਸਕੇ ਕਿਉਂਕਿ ਇਹ ਇਮਾਰਤ ਰਾਜਧਾਨੀ ਦੇ ਦੱਖਣੀ ਬਾਹਰੀ ਇਲਾਕੇ ਵਿਚ ਤ੍ਰਿਪੋਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਥਿਤ ਹੈ, ਜਿੱਥੇ ਮੁੜ ਹਿੰਸਾ ਭੜਕ ਗਈ ਹੈ।'' ਸੂਤਰ ਨੇ ਕਿਹਾ ਕਿ ਦੂਤਘਰ ਇਮਾਰਤ ਫਿਲਹਾਲ ਖਾਲੀ ਹੈ। ਇੱਥੇ ਦੱਸ ਦਈਏ ਕਿ ਦੱਖਣੀ ਤ੍ਰਿਪੋਲੀ ਵਿਚ ਬੀਤੇ ਹਫਤੇ ਤੋਂ ਸਰਕਾਰੀ ਬਲਾਂ ਅਤੇ ਹਥਿਆਰਬੰਦ ਮਿਲੀਸ਼ੀਆ ਵਿਚਕਾਰ ਹਿੰਸਕ ਝੜਪਾਂ ਜਾਰੀ ਹਨ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ।