ਰਾਸ਼ਟਰਪਤੀ ਚੋਣਾਂ ਹਾਰ ਜਾਣ ''ਤੇ ਆਸਾਨੀ ਨਾਲ ਨਹੀਂ ਛੱਡਾਂਗਾ ਸੱਤਾ : ਟਰੰਪ
Thursday, Sep 24, 2020 - 06:24 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਮਹੀਨੇ ਵਿਚ ਰਾਸ਼ਟਰਪਤੀ ਚੋਣਾਂ ਵਿਚ ਹਾਰਨ ਦੀ ਸਥਿਤੀ ਵਿਚ ਸ਼ਾਂਤੀਪੂਰਨ ਢੰਗ ਨਾਲ ਸੱਤਾ ਟਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵ੍ਹਾਈਟ ਹਾਊਸ ਵਿਚ ਬੁੱਧਵਾਰ ਨੂੰ ਇਕ ਨਿਊਜ਼ ਪ੍ਰੈੱਸ ਕਾਨਫਰੰਸ ਵਿਚ ਅਮਰੀਕੀ ਰਾਸ਼ਟਰਪਤੀ ਨੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਕਿ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ। ਟਰੰਪ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈਕਿ ਇਸ ਵਾਰ ਅਮਰੀਕੀ ਚੋਣਾਂ ਦੇ ਨਤੀਜੇ ਸੁਪਰੀਮ ਕੋਰਟ ਤੱਕ ਪਹੁੰਚ ਸਕਦੇ ਹਨ ਕਿਉਂਕਿ ਉਹਨਾਂ ਨੂੰ ਪੋਸਟਲ ਵੋਟਿੰਗ ਬਾਰੇ ਸ਼ੱਕ ਹੈ।
ਇੱਥੇ ਦੱਸ ਦਈਏ ਕਿ ਅਮਰੀਕਾ ਦੇ ਜ਼ਿਆਦਾਤਰ ਰਾਜ ਕੋਰੋਨਾਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਲਈ ਮੇਲ ਦੇ ਜ਼ਰੀਏ ਵੋਟਿੰਗ ਕਰਾਉਣ ਦੇ ਪੱਖ ਵਿਚ ਹਨ। ਜਦੋਂ ਬੁੱਧਵਾਰ ਨੂੰ ਟਰੰਪ ਨੂੰ ਸਵਾਲ ਕੀਤਾ ਗਿਆ ਕਿ ਜੇਕਰ ਉਹ ਆਪਣੇ ਵਿਰੋਧੀ ਡੈਮੋਕ੍ਰੇਟ ਜੋ ਬਿਡੇਨ ਤੋਂ ਹਾਰ ਜਾਂਦੇ ਹਨ ਜਾਂ ਚੋਣਾਂ ਡ੍ਰਾ ਮਤਲਬ ਬਰਾਬਰ ਹੋ ਜਾਂਦੀਆਂ ਹਨ ਤਾਂ ਕੀ ਉਹ ਸੱਤਾ ਨੂੰ ਸ਼ਾਂਤੀਪੂਰਨ ਢੰਗ ਨਾਲ ਟਰਾਂਸਫਰ ਕਰਨਗੇ। ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ,''ਮੈਂ ਬੈਲੇਟ ਨੂੰ ਲੈਕੇ ਸ਼ਿਕਾਇਤ ਕਰਦਾ ਰਿਹਾ ਹਾਂ। ਇਕ ਰੀਪਬਲਿਕਨ ਨੇ ਤਾਂ ਬੈਲੇਟ ਨੂੰ ਡਿਜਾਸਟਰ ਮਤਲਬ ਤਬਾਹੀ ਦੱਸਿਆ ਹੈ। ਚੋਣਾਂ ਵਿਚ ਹੁਣ ਸਿਰਫ 41 ਦਿਨ ਬਚੇ ਹਨ ਅਤੇ ਹੁਣ ਤੱਕ ਹੋਏ ਰਾਸ਼ਟਰੀ ਓਪੀਨੀਅਨ ਪੋਲ ਵਿਚ ਟਰੰਪ ਡੈਮੋਕ੍ਰੈਟਿਕ ਪਾਰਟੀ ਦੇ ਬਿਡੇਨ ਤੋਂ ਪਿੱਛੇ ਚੱਲ ਰਹੇ ਹਨ।
ਕੋਰੋਨਾਵਾਇਰਸ ਮਹਾਮਾਰੀ ਅਤੇ ਬੋਰੋਜ਼ਗਾਰੀ ਦੇ ਕਾਰਨ ਟਰੰਪ ਦੀ ਜਿੱਤ ਦੀ ਸੰਭਾਵਨਾ 'ਤੇ ਵੀ ਅਸਰ ਪਿਆ ਹੈ। ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ ਅਤੇ ਇੱਥੇ ਕੋਰੋਨਾ ਦੀ ਚਪੇਟ ਵਿਚ ਆਕੇ ਸਭ ਤੋਂ ਜ਼ਿਆਦਾ ਮੌਤਾਂ ਵੀ ਹੋਈਆਂ ਹਨ। ਟਰੰਪ ਸ਼ੁਰੂਆਤ ਵਿਚ ਵਾਇਰਸ ਦੇ ਖਤਰੇ ਨੂੰ ਮਾਮੂਲੀ ਦੱਸਦੇ ਰਹੇ ਅਤੇ ਹੁਣ ਉਹਨਾਂ ਨੂੰ ਇਸ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਕ ਪੱਤਰਕਾਰ ਨੇ ਸਵਾਲ ਕੀਤਾ ਕਿ ਲੋਕ ਅਸ਼ਾਂਤ ਹਨ ਤਾਂ ਟਰੰਪ ਨੇ ਕਿਹਾ ਕਿ ਤੁਸੀਂ ਇਹਨਾਂ ਬੈਲੇਟ ਤੋਂ ਛੁਟਕਾਰਾ ਪਾਓ ਤਾਂ ਸੱਤਾ ਦਾ ਸ਼ਾਂਤੀਪੂਰਨ ਟਰਾਂਸਫਰ ਨਹੀਂ ਹੋਵੇਗਾ ਸਗੋਂ ਸਰਕਾਰ ਸ਼ਾਂਤੀਪੂਰਨ ਢੰਗ ਨਾਲ ਚੱਲਦੀ ਰਹੇਗੀ।
ਸਾਲ 2016 ਵਿਚ ਵੀ ਟਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਖਿਲਾਫ਼ ਚੋਣ ਨਤੀਜਿਆਂ ਨੂੰ ਮੰਨਣ ਦਾ ਵਾਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਹਿਲੇਰੀ ਕਲਿੰਟਨ ਨੇ ਇਸ ਨੂੰ ਲੋਕਤੰਤਰ 'ਤੇ ਹਮਲਾ ਦੱਸਿਆ ਸੀ। ਬਾਅਦ ਵਿਚ ਟਰੰਪ ਜੇਤੂ ਤਾਂ ਬਣੇ ਪਰ ਪਾਪੁਲਰ ਵੋਟਿੰਗ ਵਿਚ 30 ਲੱਖ ਦੇ ਫਰਕ ਨਾਲ ਹਾਰ ਗਏ ਸਨ। ਟਰੰਪ ਇਸ ਨਤੀਜੇ ਨੂੰ ਲੈ ਕੇ ਅੱਜ ਤੱਕ ਸ਼ੱਕ ਜ਼ਾਹਰ ਕਰਦੇ ਹਨ। ਟਰੰਪ ਦੇ ਇਸ ਬਿਆਨ ਨੂੰ ਲੈਕੇ ਉਸ ਦੀ ਪਾਰਟੀ ਦੇ ਸੈਨੇਟਰ ਮਿਟ ਰੋਮਨੇ ਨੇ ਬੁੱਧਵਾਰ ਨੂੰ ਟਵੀਟ ਕਰ ਹਮਲਾ ਬੋਲਿਆ। ਮਿਟ ਕਈ ਮੌਕਿਆਂ 'ਤੇ ਟਰੰਪ ਦੀ ਆਲੋਚਨਾ ਕਰਦੇ ਨਜ਼ਰ ਆ ਚੁੱਕੇ ਹਨ। ਉਹਨਾਂ ਨੇ ਟਵੀਟ ਵਿਚ ਲਿਖਿਆ,''ਲੋਕਤੰਤਰ ਦਾ ਮੂਲ ਮੰਤਰ ਹੈ ਸੱਤਾ ਦਾ ਸ਼ਾਂਤੀਪੂਰਨ ਟਰਾਂਸਫਰ, ਉਸ ਦੇ ਬਿਨਾਂ ਤਾਂ ਸਾਡਾ ਦੇਸ਼ ਬੇਲਾਰੂਸ ਬਣ ਜਾਵੇਗਾ।ਸੰਵਿਧਾਨ ਵਿਚ ਦਿੱਤੀ ਗਈ ਗਾਰੰਟੀ ਨੂੰ ਮੰਨਣ ਵਿਚ ਟਰੰਪ ਦੀ ਨਾਂਹ ਨੁਕਰ ਕਲਪਨਾਯੋਗ ਅਤੇ ਅਸਵੀਕਾਰਨਯੋਗ ਹੈ।''
ਉੱਥੇ ਬਿਡੇਨ ਨੇ ਪੱਤਰਕਾਰਾਂ ਨੂੰ ਗੱਲਬਾਤ ਵਿਚ ਕਿਹਾ ਕਿ ਸੱਤਾ ਦੇ ਟਰਾਂਸਫਰ ਨੂੰ ਲੈਕੇ ਦਿੱਤਾ ਗਿਆ ਟਰੰਪ ਦਾ ਬਿਆਨ ਮੂਰਖਤਾਪੂਰਨ ਹੈ। ਡੈਮੋਕ੍ਰੇਟ ਦੀ ਟੀਮ ਨੇ ਕਿਹਾ ਕਿ ਅਮਰੀਕੀ ਸਰਕਾਰ ਕਬਜ਼ਾ ਕਰਨ ਵਾਲਿਆਂ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਕੱਢਣ ਵਿਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਭਾਵੇਂਕਿ ਬਿਡੇਨ 'ਤੇ ਖੁਦ ਚੋਣਾਂ ਨੂੰ ਲੈ ਕੇ ਹਿੰਸਾ ਉਕਸਾਉਣ ਦਾ ਦੋਸ਼ ਲੱਗ ਚੁੱਕਾ ਹੈ। ਅਗਸਤ ਮਹੀਨੇ ਵਿਚ ਬਿਡੇਨ ਨੇ ਇਕ ਬਿਆਨ ਵਿਚ ਕਿਹਾ ਸੀ ਕੀ ਕਿਸੇ ਨੂੰ ਅਜਿਹਾ ਲੱਗਦਾ ਹੈ ਕਿ ਜੇਕਰ ਟਰੰਪ ਮੁੜ ਚੁਣੇ ਜਾਂਦੇ ਹਨ ਤਾਂ ਅਮਰੀਕਾ ਵਿਚ ਘੱਟ ਹਿੰਸਾ ਹੋਵੇਗੀ।