ਅਮਰੀਕਾ ਦੀ ਉਪ ਵਿਦੇਸ਼ ਮੰਤਰੀ 25 ਜੁਲਾਈ ਨੂੰ ਕਰੇਗੀ ਚੀਨ ਦੀ ਯਾਤਰਾ
Thursday, Jul 22, 2021 - 01:10 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਆਰ ਸ਼ੇਰਮਨ ਅਗਲੇ ਹਫ਼ਤੇ ਚੀਨ ਦੀ ਯਾਤਰਾ ਕਰੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ‘ਮਹੱਤਵਪੂਰਨ ਦੁਵੱਲੇ ਸਬੰਧਾਂ’ ਨੂੰ ਜ਼ਿੰਮੇਦਾਰੀ ਨਾਲ ਪ੍ਰਬੰਧਿਤ ਕਰਨ ਲਈ ਚੀਨੀ ਅਧਿਕਾਰੀਆਂ ਨਾਲ ਖੁੱਲ੍ਹੇ ਦਿਲ ਤੋਂ ਆਦਾਨ-ਪ੍ਰਦਾਨ ਕਰਨ ਦੀਆਂ ਦੇਸ਼ ਦੀਆਂ ਜਾਰੀ ਕੋਸ਼ਿਸ਼ਾਂ ਤਹਿਤ ਇਹ ਯਾਤਰਾ ਕੀਤੀ ਜਾਏਗੀ।
ਇਕ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਹੈ ਕਿ ਆਪਣੀ ਯਾਤਰਾ ਦੌਰਾਨ, ਉਹ ਉਨ੍ਹਾਂ ਖੇਤਰਾਂ ’ਤੇ ਚਰਚਾ ਕਰੇਗੀ, ਜਿੱਥੇ ਅਮਰੀਕਾ ਚੀਨੀ ਕਾਰਵਾਈਆਂ ਨੂੰ ਲੈ ਕੇ ਗੰਭੀਰ ਰੂਪ ਨਾਲ ਚਿੰਤਤ ਹੈ, ਨਾਲ ਹੀ ਉਨ੍ਹਾਂ ਖੇਤਰਾਂ ’ਤੇ ਵੀ ਚਰਚਾ ਹੋਵੇਗੀ, ਜਿੱਥੇ ਉਨ੍ਹਾਂ ਦੇ ਹਿੱਤ ਜੁੜੇ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ, ‘ਉਪ ਪ੍ਰਦੇਸ਼ ਮੰਤਰੀ 25 ਜੁਲਾਈ ਨੂੰ ਚੀਨ ਦੀ ਯਾਤਰਾ ਕਰੇਗੀ। ਉਹ ਟੋਕੀਓ ਅਤੇ ਸਿਓਲ ਦੇ ਨਾਲ ਹੀ ਉਲਾਨਬਾਟਰ ਵਿਚ ਰੁਕਣ ਦੇ ਬਾਅਦ ਉਥੋਂ ਦੀ ਯਾਤਰਾ ਕਰੇਗੀ।’ ਉਨ੍ਹਾਂ ਦੱਸਿਆ ਕਿ ਚੀਨ ਵਿਚ, ਉਹ ਤਿਆਨਜਿਨ ਵਿਚ ਬੈਠਕਾਂ ਵਿਚ ਹਿੱਸਾ ਲਏਗੀ, ਜਿੱਥੇ ਉਹ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ। ਚੀਨ ਨੇ ਦੇਸ਼ ਦੇ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਿਅਕਤੀਗਤ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ।