ਅਮਰੀਕਾ ਦੀ ਮੰਗ-''ਹਾਂਗਕਾਂਗ ''ਚ ''ਖਤਰਨਾਕ'' ਮੀਡੀਆ ਰਿਪੋਰਟ ਰੋਕੀ ਜਾਵੇ''
Saturday, Aug 10, 2019 - 02:56 PM (IST)

ਵਾਸ਼ਿੰਗਟਨ— ਅਮਰੀਕਾ ਨੇ ਬੀਜਿੰਗ ਸਮਰਥਤ ਮੀਡੀਆ ਕੋਲ ਮੰਗ ਕੀਤੀ ਕਿ ਉਹ ਅਮਰੀਕੀ ਡਿਪਲੋਮੈਟਾਂ ਨਾਲ ਜੁੜੀ ਖਤਰਨਾਕ ਰਿਪੋਰਟ ਦੇਣਾ ਬੰਦ ਕਰੇ। ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਨਾਲ ਮੁਲਾਕਾਤ ਕਰਨ ਵਾਲੇ ਅਮਰੀਕੀ ਡਿਪਲੋਮੈਟਾਂ ਦੀ ਨਿੱਜੀ ਜਾਣਕਾਰੀ ਇਕ ਅਖਬਾਰ ਨੇ ਵੀਰਵਾਰ ਨੂੰ ਛਾਪੀ ਗਈ ਜਿਸ ਮਗਰੋਂ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਹ ਮੰਗ ਰੱਖੀ। ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਮੋਰਗਨ ਆਰਟਾਗਸ ਨੇ ਟਵੀਟ ਕੀਤਾ,''ਚੀਨ ਦੀ ਅਧਿਕਾਰਕ ਮੀਡੀਆ ਹਾਂਗਕਾਂਗ 'ਚ ਸਾਡੇ ਡਿਪਲੋਮੈਟਾਂ ਦੀ ਰਿਪੋਰਟਿੰਗ ਸਬੰਧੀ ਗੈਰ-ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ ਤੇ ਇਹ ਖਤਰਨਾਕ ਪੱਧਰ ਤਕ ਪੁੱਜ ਚੁੱਕੀ ਹੈ, ਜੋ ਰੁਕਣੀ ਚਾਹੀਦੀ ਹੈ। ਚੀਨ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੇ ਮਾਨਤਾ ਪ੍ਰਾਪਤ ਡਿਪਲਮੈਟਾਂ ਦੀ ਪਹੁੰਚ ਵੀ ਅਮਰੀਕੀ ਰਾਜਨੀਤੀ ਦੇ ਹਰੇਕ ਧੜੇ , ਸਮਾਜ, ਸਿੱਖਿਆ ਜਗਤ ਅਤੇ ਕਾਰੋਬਾਰ ਦੇ ਲੋਕਾਂ ਤਕ ਹੈ।''
ਜ਼ਿਕਰਯੋਗ ਹੈ ਕਿ ਬੀਜਿੰਗ ਸਮਰਥਿਤ 'ਤਾ ਕੁੰਗ ਪਾਓ' ਨੇ ਖਬਰ ਦਿੱਤੀ ਕਿ ਹਾਂਗਕਾਂਗ 'ਚ ਅਮਰੀਕੀ ਦੂਤਘਰ ਦੀ ਡਿਪਲੋਮੈਟਿਕ ਇਕਾਈ ਦੀ ਮੁਖੀ ਜੂਲੀ ਇਦਾਹ ਨੇ ਹਾਂਗਕਾਂਗ ਦੇ ਮੁੱਖ ਲੋਕਤੰਤਰੀ ਕਾਰਜਕਰਤਾ ਜੋਸ਼ੁਆ ਵਾਂਗ ਸਮੇਤ ਡੈਮੋਸਿਸਟੋ ਪਾਰਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਇਦਾਹ ਦੇ ਕਰੀਅਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਪ੍ਰਕਾਸ਼ਿਤ ਕੀਤੀ ਸੀ।
ਬੀਜਿੰਗ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਹਾਂਗਕਾਂਗ 'ਚ ਜਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਵਿੱਤੀ ਮਦਦ ਪੱਛਮੀ ਦੇਸ਼ ਕਰ ਰਹੇ ਹਨ। ਹਾਲਾਂਕਿ ਉਹ ਆਪਣੇ ਦਾਅਵੇ ਦੇ ਸਮਰਥਨ 'ਚ ਕੁਝ ਪੱਛਮੀ ਨੇਤਾਵਾਂ ਦੇ ਬਿਆਨਾਂ ਦੇ ਇਲਾਵਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਚੀਨ ਨੇ ਵੀਰਵਾਰ ਨੂੰ ਹਾਂਗਕਾਂਗ 'ਚ ਮੌਜੂਦ ਅਮਰੀਕੀ ਡਿਪਲੋਮੈਟਾਂ ਨਾਲ ਚੀਨ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਵੱਖ ਰਹਿਣ ਅਤੇ ਹਾਂਗਕਾਂਗ ਦੇ ਮਾਮਲਿਆਂ 'ਚ ਦਖਲ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।