ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਦੀ ਪਟੀਸ਼ਨ ਕੀਤੀ ਖਾਰਜ, ਜਲਦ ਹੋਵੇਗੀ ਭਾਰਤ ਵਾਪਸੀ

Friday, Aug 18, 2023 - 10:47 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਇਕ ਅਦਾਲਤ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਹੈਬੀਅਸ ਕਾਰਪਸ (habeas corpus) ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਮਗਰੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਲਈ ਉਸ ਨੂੰ ਭਾਰਤ ਹਵਾਲੇ ਕਰਨ ਲਈ ਸਰਟੀਫਿਕੇਟ ਜਾਰੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇੱਥੇ ਦੱਸ ਦਈਏ ਕਿ ਹੈਬੀਅਸ ਕਾਰਪਸ ਇੱਕ ਕਿਸਮ ਦਾ ਕਾਨੂੰਨੀ ਵਾਰੰਟ ਹੈ ਜਿਸ ਦੁਆਰਾ ਕਿਸੇ ਗੈਰ-ਕਾਨੂੰਨੀ ਕਾਰਨਾਂ ਕਰਕੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। 

10 ਅਗਸਤ ਦੇ ਹੁਕਮ ਵਿੱਚ ਕੋਲੰਬੀਆ ਦੇ ਸੈਂਟਰਲ ਡਿਸਟ੍ਰਿਕਟ ਆਫ਼ ਕੋਲੰਬੀਆ ਵਿੱਚ ਯੂਨਾਈਟਿਡ ਸਟੇਟ ਡਿਸਟ੍ਰਿਕਟ ਆਫ਼ ਕੋਲੰਬੀਆ ਦੇ ਜੱਜ ਡੇਲ ਐਸ ਫਿਸ਼ਰ ਨੇ ਲਿਖਿਆ ਕਿ “ਇੱਕ ਵੱਖਰਾ ਹੁਕਮ ਜਾਰੀ ਕਰ ਕੇ ਅਦਾਲਤ ਨੇ ਤਹੱਵੁਰ ਰਾਣਾ ਦੀ ਹੈਬੀਅਸ ਕਾਰਪਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।” ਫਿਲਹਾਲ ਰਾਣਾ ਨੇ ਇਸ ਆਦੇਸ਼ ਵਿਰੁੱਧ 'ਨੌਂਵੀਂ ਸਰਕਟ ਕੋਰਟ' 'ਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਉਸ 'ਤੇ ਸੁਣਵਾਈ ਹੋਣ ਤੱਕ ਉਸ ਦੀ ਭਾਰਤ ਹਵਾਲਗੀ 'ਤੇ ਰੋਕ ਲਗਾਏ ਜਾਣ ਦੀ ਅਪੀਲ ਕੀਤੀ ਹੈ। ਰਾਣਾ ਨੇ ਜੂਨ ਵਿੱਚ ਅਮਰੀਕੀ ਅਦਾਲਤ ਦੇ ਉਸ ਫ਼ੈਸਲੇ ਖ਼ਿਲਾਫ਼ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਉਸ ਨੂੰ ਭਾਰਤ ਹਵਾਲੇ ਕਰਨ ਦੀ ਅਮਰੀਕੀ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੂੰ ਜ਼ਹਿਰ ਭਰੀ ਚਿੱਠੀ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ 22 ਸਾਲ ਦੀ ਸਜ਼ਾ

ਜੱਜ ਫਿਸ਼ਰ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਰਾਣਾ ਨੇ ਆਪਣੀ ਪਟੀਸ਼ਨ ਵਿੱਚ ਦੋ ਬੁਨਿਆਦੀ ਦਲੀਲਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਦਲੀਲ ਇਹ ਹੈ ਕਿ ਸੰਧੀ ਦੇ ਤਹਿਤ ਉਸ ਦੀ ਹਵਾਲਗੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਭਾਰਤ ਉਸ 'ਤੇ ਉਨ੍ਹਾਂ ਕਾਰਵਾਈਆਂ ਲਈ ਮੁਕੱਦਮਾ ਚਲਾਉਣਾ ਚਾਹੁੰਦਾ ਹੈ, ਜਿਨ੍ਹਾਂ ਲਈ ਉਸ 'ਤੇ ਅਮਰੀਕੀ ਅਦਾਲਤ ਨੇ ਦੋਸ਼ ਲਗਾਇਆ ਅਤੇ ਬਰੀ ਕਰ ਦਿੱਤਾ ਸੀ। ਦੂਜੀ ਦਲੀਲ ਇਹ ਹੈ ਕਿ ਸਰਕਾਰ ਨੇ ਇਹ ਸਾਬਤ ਨਹੀਂ ਕੀਤਾ ਕਿ ਉੱਥੇ ਇਹ ਮੰਨਣ ਦਾ ਸੰਭਾਵਿਤ ਕਾਰਨ ਹੈ ਕਿ ਰਾਣਾ ਨੇ ਉਹ ਅਪਰਾਧ ਕੀਤੇ ਹਨ, ਜਿਨ੍ਹਾਂ ਲਈ ਭਾਰਤ ਵਿੱਚ ਉਸ 'ਤੇ ਮੁਕੱਦਮਾ ਚਲਾਇਆ ਜਾਣਾ ਹੈ। ਜੱਜ ਨੇ ਦੋਵਾਂ ਦਲੀਲਾਂ ਨੂੰ ਰੱਦ ਕਰ ਦਿੱਤਾ। 

ਜੱਜ ਦੇ ਹੁਕਮਾਂ ਤੋਂ ਬਾਅਦ ਰਾਣਾ ਦੇ ਅਟਾਰਨੀ ਪੈਟਰਿਕ ਬਲੇਗਨ ਅਤੇ ਜੌਹਨ ਡੀ ਕਲਾਈਨ ਨੇ ਨੌਵੇਂ ਸਰਕਟ ਲਈ ਯੂਨਾਈਟਿਡ ਸਟੇਟਸ ਕੋਰਟ ਆਫ ਅਪੀਲਜ਼ ਵਿੱਚ ਇਸ ਖ਼ਿਲਾਫ਼ ਅਪੀਲ ਦਾਇਰ ਕੀਤੀ। ਅਮਰੀਕੀ ਸਰਕਾਰ ਨੇ ਜੂਨ ਵਿੱਚ ਰਾਣਾ ਵੱਲੋਂ ਦਾਇਰ ਹੈਬੀਅਸ ਕਾਰਪਸ ਪਟੀਸ਼ਨ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ। ਭਾਰਤ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੁਆਰਾ 26 ਨਵੰਬਰ 2008 ਦੇ ਮੁੰਬਈ ਹਮਲਿਆਂ ਵਿੱਚ ਰਾਣਾ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਹਮਲਿਆਂ ਦੌਰਾਨ ਅਜਮਲ ਕਸਾਬ ਨਾਂ ਦਾ ਇੱਕ ਅੱਤਵਾਦੀ ਜ਼ਿੰਦਾ ਫੜਿਆ ਗਿਆ ਸੀ, ਜਿਸ ਨੂੰ 21 ਨਵੰਬਰ 2012 ਨੂੰ ਭਾਰਤ ਵਿੱਚ ਫਾਂਸੀ ਦਿੱਤੀ ਗਈ ਸੀ। ਬਾਕੀ ਅੱਤਵਾਦੀ ਹਮਲਿਆਂ ਦੌਰਾਨ ਸੁਰੱਖਿਆ ਬਲਾਂ ਨੇ ਮਾਰ ਦਿੱਤੇ। ਮੁੰਬਈ ਅੱਤਵਾਦੀ ਹਮਲਿਆਂ 'ਚ ਛੇ ਅਮਰੀਕੀ ਨਾਗਰਿਕਾਂ ਸਮੇਤ ਕੁੱਲ 166 ਲੋਕਾਂ ਦੀ ਜਾਨ ਚਲੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News