ਅਮਰੀਕਾ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੀ ਕੀਤੀ ਪੁਸ਼ਟੀ

05/29/2017 6:58:57 PM

ਵਾਸ਼ਿੰਗਟਨ— ਅਮਰੀਕਾ ਨੇ ਸੋਮਵਾਰ (29 ਮਈ) ਨੂੰ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਸਾਂਝੀਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਹੈ। ਅਮਰੀਕੀ ਪ੍ਰਸ਼ਾਂਤ ਕਮਾਂਡ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਪੂਰਬੀ ਤੱਟ ਵੋਨਸਾਨ ਨੇੜੇ ਮਿਜ਼ਾਈਲ ਪ੍ਰੀਖਣ ਕੀਤਾ ਗਿਆ। ਉਸ ਨੇ ਇਕ ਬਿਆਨ 'ਚ ਕਿਹਾ, ''ਮਿਜ਼ਾਈਲ ਦੇ 6 ਮਿੰਟ ਤੱਕ ਹਵਾ 'ਚ ਰਹਿਣ ਦੌਰਾਨ ਇਸ 'ਤੇ ਨਜ਼ਰ ਰੱਖੀ ਗਈ ਅਤੇ ਇਹ ਜਾਪਾਨ ਸਾਗਰ 'ਚ ਡਿੱਗੀ।'' ਕਮਾਂਡ ਨੇ ਕਿਹਾ, ''ਅਸੀਂ ਹੋਰ ਵਿਸਥਾਰਕ ਜਾਂਚ ਲਈ ਸਾਂਝੀਦਾਰਾਂ ਨਾਲ ਕੰਮ ਕਰ ਰਹੇ ਹਾਂ। ਅਸੀਂ ਉੱਤਰੀ ਕੋਰੀਆ ਦੇ ਕਦਮਾਂ 'ਤੇ ਨੇੜਲੀ ਨਜ਼ਰ ਰੱਖ ਰਹੇ ਹਾਂ।'' ਬਿਆਨ 'ਚ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਖੜੇ ਹੋਣ ਦੀ ਅਮਰੀਕੀ ਵਚਨਬੱਧਤਾ 'ਤੇ ਜੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਜ਼ਾਈਲ ਉੱਤਰੀ ਅਮਰੀਕਾ ਲਈ ਕੋਈ ਖ਼ਤਰਾ ਨਹੀਂ ਸੀ। ਵ੍ਹਾਈਟ ਹਾਊਸ ਅਨੁਸਾਰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਇਕ ਬੁਲਾਰੇ ਨੇ ਕਿਹਾ, ''ਅਮਰੀਕੀ ਸਰਕਾਰ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਸ ਸੰਬੰਧੀ ਰਾਸ਼ਟਰਪਤੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।''


Related News