ਅਫਗਾਨ ਰਣਨੀਤੀ ਨਾਲ ਅੱਗੇ ਵਧ ਰਹੇ ਹਾਂ : ਅਮਰੀਕਾ

04/24/2018 11:41:17 AM

ਵਾਸ਼ਿੰਗਟਨ— ਵ੍ਹਾਈਟ ਹਾਊਸ ਨੇ ਕਾਬੁਲ 'ਚ ਮਤਦਾਤਾ ਪੰਜੀਕਰਣ ਦਫਤਰ 'ਤੇ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਦੱਖਣੀ ਏਸ਼ੀਆ ਰਣਨੀਤੀ 'ਤੇ ਅੱਗੇ ਵਧ ਰਿਹਾ ਹੈ। ਕਾਬੁਲ 'ਚ ਹੋਏ ਹਮਲੇ 'ਚ 60 ਲੋਕ ਮਾਰੇ ਗਏ ਅਤੇ 100 ਤੋਂ ਵਧੇਰੇ ਜ਼ਖਮੀ ਹੋ ਗਏ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸਾਂਡਰਸ ਨੇ ਸੋਮਵਾਰ ਨੂੰ ਆਪਣੇ ਨਿਯਮਤ ਪੱਤਰਕਾਰ ਸੰਮੇਲਨ 'ਚ ਕਿਹਾ,''ਅਸੀਂ ਆਪਣੀ ਘੋਸ਼ਿਤ ਰਣਨੀਤੀ 'ਤੇ ਅੱਗੇ ਵਧ ਰਹੇ ਹਾਂ।'' ਉਹ ਅਫਗਾਨਿਸਤਾਨ 'ਚ ਹਾਲ ਹੀ 'ਚ ਹੋਏ ਅੱਤਵਾਦੀ ਹਮਲਿਆਂ 'ਤੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ। ਪੈਂਟਾਗਨ ਨੇ ਕਿਹਾ ਕਿ ਜਦ ਤਕ ਅੱਤਵਾਦੀਆਂ ਦਾ ਖਾਤਮਾ ਨਹੀਂ ਹੋ ਜਾਂਦਾ ਤਦ ਤਕ ਅਮਰੀਕਾ ਅਫਗਾਨਿਸਤਾਨ 'ਚ ਲੜਦਾ ਰਹੇਗਾ। 
ਪੈਂਟਾਗਨ ਦੇ ਬੁਲਾਰੇ ਕਰਨਲ ਮੈਨਿੰਗ ਨੇ ਕੈਮਰੇ ਦੇ ਬਿਨਾਂ ਹੋਏ ਪੱਤਰਕਾਰ ਸੰਮੇਲਨ 'ਚ ਕਿਹਾ,''ਅਸੀਂ ਕਾਬੁਲ 'ਚ ਮਤਦਾਤਾ ਪੰਜੀਕਰਣ ਕੇਂਦਰ 'ਤੇ ਆਤਮਘਾਤੀ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ।'' ਅਮਰੀਕਾ, ਅਫਗਾਨਿਸਤਾਨ ਅਤੇ ਆਪਣੇ ਕੌਮਾਂਤਰੀ ਸਾਂਝੀਦਾਰਾਂ ਨਾਲ ਅਫਗਾਨਿਸਤਾਨ 'ਚ ਅੱਤਵਾਦੀ ਸੰਗਠਨ ਦਾ ਖਾਤਮਾ ਕਰਨ ਲਈ ਵਚਨਬੱਧ ਹਨ। ਇਸ ਹਮਲੇ ਦੀ ਜ਼ਿੰਮੇਦਾਰੀ ਆਈ. ਐੱਸ. ਨੇ ਲਈ ਹੈ। ਮੈਨਿੰਗ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਧਿਆਨ ਦੱਖਣੀ ਏਸ਼ੀਆ ਦੀ ਰਣਨੀਤੀ 'ਤੇ ਹੈ। ਉਨ੍ਹਾਂ ਨੇ ਕਿਹਾ,''ਇਹ ਸਪੱਸ਼ਟ ਤੌਰ 'ਤੇ ਮੁਸ਼ਕਲ ਲੜਾਈ ਹੈ ਪਰ ਇਸ ਰਣਨੀਤੀ ਦੇ ਤਹਿਤ ਅੱਗੇ ਵਧ ਰਹੇ ਹਾਂ।''


Related News