ਅਮਰੀਕੀ ਕੰਪਨੀ ਆਸਟ੍ਰੇਲੀਆਈ ਲੋਕਾਂ ''ਤੇ ਕਰੇਗੀ ਕੋਰੋਨਾ ਦੇ ਟੀਕੇ ਦਾ ਟੈਸਟ
Tuesday, May 26, 2020 - 10:06 AM (IST)

ਕੈਨਬਰਾ- ਅਮਰੀਕਾ ਵਿਚ ਇਕ ਬਾਇਓਟੈਕਨਾਲੋਜੀ ਕੰਪਨੀ ਨੇ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੀ ਦਵਾਈ ਦਾ ਮਨੁੱਖਾਂ 'ਤੇ ਪ੍ਰੀਖਣ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਨੇ ਇਸ ਸਾਲ ਕੋਰੋਨਾ ਦੀ ਦਵਾਈ ਆਉਣ ਦੀ ਉਮੀਦ ਜਤਾਈ ਹੈ। ਬਾਇਓਟੈਕਨਾਲੋਜੀ ਕੰਪਨੀ ਨੋਵਾਵੈਕਸ ਦੇ ਪ੍ਰਮੁੱਖ ਸੋਧਕਾਰ ਡਾ. ਗ੍ਰਿਗੋਰੀ ਗਲੇਨ ਨੇ ਦੱਸਿਆ ਕਿ ਕੰਪਨੀ ਨੇ ਪਹਿਲੇ ਪੜਾਅ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ ਜਿਸ ਵਿਚ ਮੈਲਬੌਰਨ ਤੇ ਬ੍ਰਿਸਬੇਨ ਸ਼ਹਿਰਾਂ ਦੇ 131 ਸਵੈ-ਸੇਵੀਆਂ 'ਤੇ ਦਵਾਈ ਦਾ ਪ੍ਰੀਖਣ ਕੀਤਾ ਜਾਵੇਗਾ।
ਗਲੇਨ ਨੇ ਨੋਵਾਵੈਕਸ ਦੇ ਮੈਰੀਲੈਂਡ ਸਥਿਤ ਦਫਤਰ ਤੋਂ ਆਨਲਾਈਨ ਪ੍ਰੈੱਸ ਕਾਨਫਰੰਸ ਵਿਚ ਕਿਹਾ,"ਅਸੀਂ ਦਵਾਈਆਂ ਅਤੇ ਟੀਕਿਆਂ ਦਾ ਨਾਲ-ਨਾਲ ਇਹ ਸੋਚ ਕੇ ਨਿਰਮਾਣ ਕਰ ਰਹੇ ਹਾਂ ਕਿ ਅਸੀਂ ਦਿਖਾ ਸਕਾਂਗੇ ਕਿ ਇਹ ਕਾਰਗਰ ਹੈ ਅਤੇ ਸਾਲ ਦੇ ਅੰਤ ਤੱਕ ਇਸ ਨੂੰ ਲੋਕਾਂ ਲਈ ਉਪਲਬਧ ਕਰਾ ਸਕਾਂਗੇ। ਜ਼ਿਕਰਯੋਗ ਹੈ ਕਿ ਚੀਨ, ਅਮਰੀਕਾ ਤੇ ਯੂਰਪ ਵਿਚ ਤਕਰੀਬਨ ਦਰਜਨ ਭਰ ਉਦਯੋਗਿਕ ਦਵਾਈਆਂ ਟੈਸਟ ਦੇ ਸ਼ੁਰੂਆਤੀ ਪੜਾਅ ਵਿਚ ਹਨ ਅਤੇ ਉਨ੍ਹਾਂ ਦਾ ਟੈਸਟ ਸ਼ੁਰੂ ਹੋਣ ਵਾਲਾ ਹੈ।
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਿਚ ਕੋਈ ਵੀ ਦਵਾਈ ਸੁਰੱਖਿਅਤ ਸਾਬਤ ਹੋਵੇਗੀ ਵੀ ਜਾਂ ਨਹੀਂ ਪਰ ਕਈ ਦਵਾਈਆਂ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਦੀਆਂ ਹਨ ਤੇ ਵੱਖ-ਵੱਖ ਤਕਨੀਕਾਂ ਨਾਲ ਬਣਾਈਆਂ ਗਈਆਂ ਹਨ। ਇਸ ਲਈ ਇਸ ਗੱਲ ਦੀ ਉਮੀਦ ਵਧੀ ਹੈ ਕਿ ਇਨ੍ਹਾਂ ਵਿਚੋਂ ਕੋਈ ਦਵਾਈ ਸਫਲ ਹੋ ਸਕਦੀ ਹੈ।