ਅਮਰੀਕਾ ਦਾ ਦਾਅਵਾ, ਹਿਜ਼ਬੁੱਲਾ ਯੂਰਪੀ ਦੇਸ਼ਾਂ ’ਚ ਕਰ ਰਿਹਾ ਵੱਡੇ ਧਮਾਕੇ ਦੀ ਤਿਆਰੀ

Saturday, Sep 19, 2020 - 07:57 AM (IST)

ਅਮਰੀਕਾ ਦਾ ਦਾਅਵਾ, ਹਿਜ਼ਬੁੱਲਾ ਯੂਰਪੀ ਦੇਸ਼ਾਂ ’ਚ ਕਰ ਰਿਹਾ ਵੱਡੇ ਧਮਾਕੇ ਦੀ ਤਿਆਰੀ

ਵਾਸ਼ਿੰਗਟਨ,  (ਭਾਸ਼ਾ)-ਅੱਤਵਾਦੀ ਸੰਗਠਨ ਹਿਜ਼ਬੁੱਲਾ ਲੇਬਨਾਨ ਦੀ ਰਾਜਧਾਨੀ ਬੈਰੂਤ ਦੀ ਤਰਜ ’ਤੇ ਯੂਰਪੀ ਦੇਸ਼ਾਂ ’ਚ ਵੱਡੇ ਧਮਾਕੇ ਦੀ ਤਿਆਰੀ ਕਰ ਰਿਹਾ ਹੈ। ਇਹ ਦਾਅਵਾ ਅਮਰੀਕੀ ਵਿਦੇਸ਼ ਮੰਤਰਾਲਾ ਦੇ ‘ਕਾਊਂਟਰ ਟੈਰੋਰਿਜ਼ਮ’ ਦੇ ਕੋ-ਆਰਡੀਨੇਟਰ ਨੈਥਲ ਸੇਲਸ ਨੇ ਕੀਤਾ ਹੈ।

ਸੇਲਸ ਨੇ ਅਮਰੀਕੀ ਯਹੂਦੀ ਕਮੇਟੀ ਵਲੋਂ ਆਨਲਾਈਨ ਆਯੋਜਿਤ ਇੱਕ ਪ੍ਰੋਗਰਾਮ ’ਚ ਇਹ ਬਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਹਿਜ਼ਬੁੱਲਾ ਸਾਲ 2012 ਤੋਂ ਕਈ ਯੂਰਪੀ ਦੇਸ਼ਾਂ ’ਚ ਵਿਸਫੋਟਕ ਬਣਾਉਣ ਲਈ ‘ਫਸਟ ਏਡ ਕਿੱਟ’ ਦੇ ਜਰੀਏ ਅਮੋਨੀਅਮ ਨਾਈਟ੍ਰੇਟ ਇਕੱਠਾ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਯੂਰਪ ਅਤੇ ਹੋਰ ਦੇਸ਼ਾਂ ਨੂੰ ਹਿਜ਼ਬੁੱਲਾ ’ਤੇ ਬੈਨ ਲਾਉਣ ਦੀ ਅਪੀਲ ਕੀਤੀ। ਧਿਆਨ ਯੋਗ ਹੈ ਕਿ ਅਮਰੀਕਾ ਨੇ 1997 ਤੋਂ ਹਿਜ਼ਬੁੱਲਾ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਦੇ ਗੁਰਗਿਆਂ ਨੇ ਹਾਲ ਦੇ ਸਾਲਾਂ ’ਚ ਬੈਲਜ਼ੀਅਮ ਤੋ ਫ਼ਰਾਂਸ, ਯੂਨਾਨ, ਇਟਲੀ, ਸਪੇਨ ਅਤੇ ਸਵਿਟਜ਼ਰਲੈਂਡ ’ਚ ਅਮੋਨੀਅਮ ਨਾਈਟ੍ਰੇਟ ਟਰਾਂਸਫਰ ਕੀਤਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਹਿਜ਼ਬੁੱਲਾ ਦਾ ਅਮੋਨੀਅਮ ਨਾਈਟ੍ਰੇਟ ਦਾ ਭੰਡਾਰ ਯੂਰਪ ’ਚ ਵੱਡੇ ਅੱਤਵਾਦੀ ਹਮਲਿਆਂ ’ਚ ਵਰਤਿਆ ਜਾਵੇਗਾ ਤਾਂਕਿ ਉਹ ਤਹਿਰਾਨ ’ਚ ਬੈਠੇ ਆਪਣੇ ਸਰਗਣੇ ਦੇ ਹੁਕਮ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਸਕਣ।

...ਜਦੋਂ ਕੰਬ ਉੱਠਿਆ ਸੀ ਬੈਰੂਤ

6 ਸਾਲਾਂ ਤੋਂ ਰੱਖੀ 2,750 ਟਨ ਅਮੋਨੀਅਮ ਨਾਈਟ੍ਰੇਟ ਖਾਦ ’ਚ ਹੋਏ ਧਮਾਕੇ ਨਾਲ ਪਿਛਲੇ ਮਹੀਨੇ ਬੈਰੂਤ ਵੀ ਕੰਬ ਉੱਠਿਆ ਸੀ। ਲਗਭਗ 200 ਲੋਕ ਬੇ-ਮੌਤ ਮਾਰੇ ਗਏ ਸਨ। 4 ਅਗਸਤ ਨੂੰ ਧਮਾਕੇ ਸ਼ਹਿਰ ਦੀ ਬੰਦਰਗਾਹ ’ਚ ਗੁਦਾਮਾਂ ’ਚ ਹੋਏ ਸਨ। ਧਮਾਕੇ ਦੀ ਵਜ੍ਹਾ ਨਾਲ ਬੈਰੂਤ ’ਚ ਕਈ ਇਮਾਰਤਾਂ ਢਹਿ ਗਈਆਂ ਸੀ ਅਤੇ 2,060 ਰੈਸਟੋਰੈਂਟ ਅਤੇ 163 ਹੋਟਲ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ।

ਬੈਰੂਤ ਦੇ ਬਾਜ਼ਾਰ ਅਤੇ ਨਾਈਟ ਲਾਈਫ ਦੇ ਇਲਾਕੇ ਕੁਝ ਹੀ ਦੂਰ ਸਨ ਅਤੇ ਉੱਥੇ ਕਾਫ਼ੀ ਬਰਬਾਦੀ ਹੋਈ ਸੀ। ਭੂ ਵਿਗਿਆਨੀਆਂ ਨੇ ਧਮਾਕਿਆਂ ਦੇ ਅਸਰ ਦੀ ਤੁਲਣਾ 3.3 ਤੀਬਰਤਾ ਦੇ ਭੂਚਾਲ ਨਾਲ ਕੀਤੀ ਸੀ।


author

Lalita Mam

Content Editor

Related News