ਪਿਤਾ ਦੇ ਕਤਲ ਦੇ ਦੋਸ਼ੀ ਅਮਰੀਕੀ ਨਾਗਰਿਕ ਨੂੰ ਸਾਊਦੀ ਅਰਬ ’ਚ ਮੌਤ ਦੀ ਸਜ਼ਾ
Thursday, Aug 17, 2023 - 10:31 AM (IST)

ਦੁਬਈ (ਭਾਸ਼ਾ)- ਸਾਊਦੀ ਅਰਬ ’ਚ ਬੁੱਧਵਾਰ ਨੂੰ ਇੱਕ ਅਮਰੀਕੀ ਨਾਗਰਿਕ ਨੂੰ ਮੌਤ ਦੀ ਸ਼ਜਾ ਦਿੱਤੀ ਗਈ। ਉਸ ਨੂੰ ਆਪਣੇ ਪਿਤਾ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਗ੍ਰਹਿ ਮੰਤਰਾਲਾ ਅਨੁਸਾਰ ਬਿਸ਼ੋਏ ਸ਼ਰੀਫ ਨਾਜੀ ਨਸੀਫ ਨੇ ਆਪਣੇ ਪਿਤਾ ਦੀ ਕੁੱਟਮਾਰ ਕੀਤੀ ਅਤੇ ਬਾਅਦ ’ਚ ਗਲਾ ਘੁੱਟ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਮੰਤਰਾਲਾ ਨੇ ਕਿਹਾ ਕਿ ਨਸੀਫ ਨੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਅਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।
ਨਸੀਫ ਨੇ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਹੋਰ ਵਿਅਕਤੀ ਦੇ ਕਤਲ ਦੀ ਵੀ ਕੋਸ਼ਿਸ਼ ਕੀਤੀ ਸੀ। ਗ੍ਰਹਿ ਮੰਤਰਾਲਾ ਨੇ ਇਹ ਨਹੀਂ ਦੱਸਿਆ ਕਿ ਨਸੀਫ ਨੂੰ ਮੌਤ ਦੀ ਸਜ਼ਾ ਕਿਵੇਂ ਦਿੱਤੀ ਗਈ। ਸਾਊਦੀ ਅਰਬ ਵਿੱਚ, ਮੌਤ ਦੀ ਸਜ਼ਾ ਆਮ ਤੌਰ 'ਤੇ ਦੋਸ਼ੀ ਦਾ ਸਿਰ ਕਲਮ ਕਰਕੇ ਦਿੱਤੀ ਜਾਂਦੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸਬੰਧ ਵਿਚ ਕੋਈ ਟਿੱਪਣੀ ਨਹੀਂ ਕੀਤੀ ਹੈ