ਤਾਲਿਬਾਨ ’ਚ ਮੌਜੂਦ ਅਮਰੀਕਾ-ਬ੍ਰਿਟੇਨ ਦੇ ਜਾਸੂਸ ਅਪ੍ਰੈਲ ਤੋਂ ਹੀ ਰੱਖ ਰਹੇ ਸਨ ਜਵਾਹਿਰੀ ’ਤੇ ਪੂਰੀ ਨਜ਼ਰ

08/04/2022 5:06:36 PM

ਵਾਸ਼ਿੰਗਟਨ (ਵਿਸ਼ੇਸ਼)- ਇਸ ਐਤਵਾਰ ਨੂੰ ਸਵੇਰੇ ਜਦੋਂ ਅਲਕਾਇਦਾ ਚੀਫ ਅਯਮਾਨ ਅਲ ਜਵਾਹਿਰੀ ਸੌਂਕੇ ਉਠਿਆ ਤਾਂ ਉਸਨੂੰ ਖਬਰ ਨਹੀਂ ਸੀ ਕਿ ਕਾਬੁਲ ਦੀ ਇਹ ਖੁਬਸੂਰਤ ਸਵੇਰ ਉਸਦੀ ਜ਼ਿੰਦਗੀ ਦੀ ਆਖਰੀ ਸਵੇਰ ਹੈ। ਉਹ ਇਹ ਨਹੀਂ ਜਾਣਦਾ ਸੀ ਕਿ ਜਿਸ ਘਰ ਨੂੰ ਉਹ ਆਪਣੇ ਅਤੇ ਆਪਣੇ ਪਰਿਵਾਰ ਲਈ ਬੇਹੱਦ ਸੁਰੱਖਿਅਤ ਮੰਨਦਾ ਹੈ, ਉਸਦੇ ਬਾਹਰ ਖੜ੍ਹੇ ਤਾਲਿਬਾਨ ਫੌਜੀ ਕਈ ਮਹੀਨਿਆਂ ਤੋਂ ਅਮਰੀਕਾ ਅਤੇ ਬ੍ਰਿਟੇਨ ਲਈ ਭੁਗਤਾਨ ਦੇ ਬਦਲੇ ਜਾਸੂਸੀ ਕਰ ਰਹੇ ਹਨ ਅਤੇ ਉਸਦੀ ਰੂਟੀਨ ਦੀ ਪੂਰੀ ਰਿਪੋਰਟ ਭੇਜ ਰਹੇ ਹਨ। ਉਸਦੇ ਇਥੇ ਲੁਕੇ ਹੋਣ ਦੀ ਰਿਪੋਰਟ ਕਈ ਹਫਤਿਆਂ ਤੋਂ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਜੋ ਬਾਈਡੇਨ ਦੀ ਮੇਜ਼ ’ਤੇ ਪਈ ਸੀ। ਜਵਾਹਿਰੀ ਦਾ ਟਿਕਾਣਾ ਪੂਰੀ ਤਰ੍ਹਾਂ ਨਾਲ ਕੈਮਰੇ ਦੇ ਫੋਕਸ ਵਿਚ ਸੀ ਅਤੇ ਉਸਨੂੰ ਨਾ ਸਿਰਫ ਵਾਸ਼ਿੰਗਟਨ ਵਿਚ ਸਗੋਂ ਖੁਫੀਆ ਨਿਗਰਾਨੀ ਕੇਂਦਰਾਂ ਹਾਰੋਗੇਟ, ਉੱਤਰੀ ਯਾਰਕਸ਼ਾਇਰ ਵਿਚ ਓਦੋਂ ਤੋਂ ਦੇਖਿਆ ਜਾ ਰਿਹਾ ਸੀ ਜਦੋਂ ਤੋਂ ਪੱਛਮੀ ਖੁਫੀਆ ਏਜੰਸੀ ਵਿਚ ਭਰਤੀ ਹੋਏ ਇਕ ਸੋਰਸ ਨੇ ਉਸਨੂੰ ਕਾਬੁਲ ਦੇ ਇਸ ਘਰ ਦੀ ਬਾਲਕਨੀ ਵਿਚ ਦੇਖਿਆ ਸੀ।

10 ਹਜ਼ਾਰ ਫੁੱਟ ਤੋਂ ਜ਼ਿਆਦਾ ਉੱਚਾਈ ’ਤੇ ਚੱਕਰ ਕੱਟ ਰਿਹਾ ਸੀ ਡਰੋਨ

ਐਤਵਾਰ ਦੀ ਸਵੇਰ ਇਕ ਅਮਰੀਕੀ ਰੀਪਰ ਡਰੋਨ ਕਾਬੁਲ ਦੇ ਉਸ ਘਰ ’ਤੇ ਲਗਭਗ 10 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਉੱਚਾਈ ’ਤੇ ਚੱਕਰ ਕੱਟ ਰਿਹਾ ਸੀ। ਬਿਨਾਂ ਕਿਸੇ ਦੀ ਨਜ਼ਰ ਵਿਚ ਆਏ। ਇਸੇ ਡਰੋਨ ਨਾਲ 45-45 ਕਿਲੋ ਦੀਆਂ ਦੋ ਆਰ9ਐਕਸ ਹੇਲਫਾਇਰ ਮਿਜ਼ਾਈਲਾਂ ਦਾਗੀਆਂ ਗਈਆਂ, ਜੋ 1600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧੀਆਂ। ਇਨ੍ਹਾਂ ਵਿਚ ਕੋਈ ਵਿਸਫੋਟਕ ਨਹੀਂ ਸੀ ਸਿਰਫ 6-6 ਬਲੇਡ ਲੱਗੇ ਸਨ। ਜਵਾਹਿਰੀ ਨੂੰ ਕੋਈ ਆਵਾਜ਼ ਸੁਣਾਈ ਦਿੰਦੀ ਉਸ ਤੋਂ ਪਹਿਲਾਂ ਉਹ ਮਾਰਿਆ ਜਾ ਚੁੱਕਾ ਸੀ।

ਅਫਗਾਨਿਸਤਾਨ ਜਵਾਹਿਰੀ ਨੇ ਕਦੇ ਛੱਡਿਆ ਹੀ ਨਹੀਂ

ਤਾਲਿਬਾਨ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਅਸਲ ਵਿਚ ਅਲ ਜਵਾਹਿਰੀ ਨੇ ਕਦੇ ਲੰਬੇ ਸਮੇਂ ਲਈ ਅਫਗਾਨਿਸਤਾਨ ਨੂੰ ਛੱਡਿਆ ਹੀ ਨਹੀਂ। ਸਤੰਬਰ 2001 ਵਿਚ ਜਦੋਂ ਅਮਰੀਕੀ ਫੌਜ ਮਿੱਤਰ ਦੇਸ਼ਾਂ ਨਾਲ ਅਫਗਾਨਿਸਤਾਨ ਵਿਚ ਮੁਹਿੰਮ ਚਲਾ ਰਹੀ ਸੀ, ਓਦੋਂ ਵੀ ਉਹ ਉਥੋਂ ਨਹੀਂ ਭੱਜਿਆ, ਸਗੋਂ ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਦੇ ਮੁਸਾਲ ਕਿਲੇ ਦੇ ਪਹਾੜਾਂ ਵਿਚ ਕਿਤੇ ਲੁਕਿਆ ਰਿਹਾ। ਉਹ ਇਨਾਂ ਲੋਅ ਪ੍ਰੋਫਾਈਲ ਬਣਕੇ ਰਹਿੰਦਾ ਸੀ ਕਿ ਉਹ ਕਈ ਵਾਰ ਸਰਹੱਦ ਪਾਰ ਕਰ ਕੇ ਪਾਕਿਸਤਾਨ ਗਿਆ ਪਰ ਕਸਟਮ ਅਫਸਰਾਂ ਨੂੰ ਕਦੇ ਉਸਦੇ ਜਵਾਹਿਰੀ ਹੋਣ ਦਾ ਪਤਾ ਨਹੀਂ ਲੱਗਾ।

ਇੰਝ ਹੋਇਆ ਪਲਾਨ ’ਤੇ ਕੰਮ

ਇਸ ਸਾਲ ਅਪ੍ਰੈਲ ਦੇ ਸ਼ੁਰੂ ਵਿਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਪਹਿਲੀ ਵਾਰ ਰਾਸ਼ਟਰਪਤੀ ਬਾਈਡੇਨ ਨੂੰ ਦੱਸਿਆ ਕਿ ਸਾਲਾਂ ਦੀ ਭਾਲ ਤੋਂ ਬਾਅਦ ਆਖਿਰ ਅਮਰੀਕੀ ਖੁਫੀਆ ਏਜੰਸੀਆਂ ਨੇ ਜਵਾਹਿਰੀ ਦਾ ਟਿਕਾਣਾ ਲੱਭ ਹੀ ਲਿਆ ਹੈ।

ਅਪ੍ਰੈਲ ’ਚ ਹੀ ਹੇਲਮੰਦ ਤੋਂ ਕਾਬੁਲ ਆਇਆ ਸੀ

ਬ੍ਰਿਟੇਨ ਦੇ ਖੁਫੀਆ ਸੂਤਰਾਂ ਮੁਤਾਬਕ ਜਵਾਹਿਰੀ ਦਾ ਪਰਿਵਾਰ ਇਸ ਸਾਲ ਅਪ੍ਰੈਲ ਵਿਚ ਹੀ ਹੇਲਮੰਦ ਤੋਂ ਕਾਬੁਲ ਆਇਆ ਸੀ। ਜਵਾਹਿਰੀ ਨੇ ਚਾਰ ਵਿਆਹ ਕਰਵਾਏ ਸਨ, ਜਿਨ੍ਹਾਂ ਤੋਂ ਉਸਦੇ 7 ਬੱਚੇ ਹੋਏ। ਇਨ੍ਹਾਂ ਵਿਚੋਂ ਘੱਟ ਤੋਂ ਘੱਟ ਉਸਦੇ ਚਾਰ ਬੱਚੇ ਉਸਦੀ ਪਹਿਲੀ ਪਤਨੀ ਅੱਜਾ ਨਾਲ ਇਕ ਹਮਲੇ ਵਿਚ ਮਾਰੇ ਗਏ ਸਨ। ਹੁਣ ਉਹ ਸਿਰਫ ਆਪਣੀ ਇਕ ਪਤਨੀ ਅਤੇ ਬੇਟੀ ਨਾਲ ਰਹਿ ਰਿਹਾ ਸੀ।

ਲਾਦੇਨ ਨੂੰ ਲੱਭਣ ਵਾਲੀ ਤਕਨੀਕ ਹੀ ਕੰਮ ਆਈ

ਸੀ. ਆਈ. ਏ. ਨੇ ਲਾਦੇਨ ਦੇ ਏਬਟਾਬਾਦ ਟਿਕਾਣੇ ਦਾ ਪਤਾ ਉਸਦੇ ਸੰਦੇਸ਼ਵਾਹਕ ਦਾ ਪਿੱਛਾ ਕਰ ਕੇ ਲਾਇਆ ਸੀ। ਇਸੇ ਤਰ੍ਹਾਂ ਜਵਾਹਿਰੀ ਦੇ ਟਿਕਾਣੇ ਬਾਰੇ ਸੂਚਨਾ ਵੀ ਸੰਦੇਸ਼ਵਾਹਕ ਦਾ ਪਿੱਛਾ ਕਰ ਕੇ ਮਿਲੀ। ਕਾਬੁਲ ਦੇ ਪਾਸ਼ ਇਲਾਕੇ ਸ਼ੇਰਪੁਰ ਵਿਚ ਬਣੇ ਇਸ ਘਰ ਦੀ ਬਾਊਂਡਰੀ ਵਾਲ ਬਹੁਤ ਜ਼ਿਆਦਾ ਉੱਚੀ ਸੀ।

ਇੰਝ ਕੀਤੀ ਜਵਾਹਿਰੀ ਹੋਣ ਦੀ ਪੁਸ਼ਟੀ

ਇਸ ਘਰ ਦੀ ਸੁਰੱਖਿਆ ਵਿਚ ਤਾਇਨਾਤ ਤਾਲਿਬਾਨ ਵਿਚ ਭਰਤੀ ਇਕ ਲੜਾਕੇ ਨੂੰ ਬ੍ਰਿਟੇਨ ਨੇ ਆਪਣਾ ਜਾਸੂਸ ਬਣਾ ਲਿਆ ਸੀ। ਉਸਨੇ ਕਈ ਸੋਰਸਾਂ ਰਾਹੀਂ ਜਵਾਹਿਰੀ ਦੇ ਇਥੇ ਹੋਣ ਦੀ ਪੁਸ਼ਟੀ ਕੀਤੀ। ਇਨ੍ਹਾਂ ਵਿਚ ਜਵਾਹਿਰੀ ਦੇ ਨਾਂ ਆਈ ਡਾਕ, ਚਿੱਤਰ ਅਤੇ ਹੋਰ ਜਾਣਕਾਰੀਆਂ ਸ਼ਾਮਲ ਸਨ।

ਸਰਵਿਲਾਂਸ ਆਪ੍ਰੇਸ਼ਨ ਸ਼ੁਰੂ ਹੋਇਆ

ਤਾਲਿਬਾਨ ਵਿਚ ਮੌਜੂਦਾ ਬ੍ਰਿਟਿਸ਼ ਜਾਸੂਸ ਵਲੋਂ ਉਥੇ ਜਵਾਹਿਰੀ ਦੇ ਹੋਣ ਦੀ ਪੁਸ਼ਟੀ ਤੋਂ ਬਾਅਦ ਅਮਰੀਕਾ ਅਤੇ ਬ੍ਰਿਟੇਨ ਦੀ ਖੁਫੀਆ ਏਜੰਸੀਆਂ ਨੇ ਸੰਯੁਕਤ ਤੌਰ ’ਤੇ ਸਰਵਿਲਾਂਸ ਮੁਹਿੰਮ ਸ਼ੁਰੂ ਕੀਤੀ ਅਤੇ ਹੱਕਾਨੀ ਨੈੱਟਵਰਕ ਦੀਆਂ ਸਾਰੀਆਂ ਪ੍ਰਾਪਟੀਜ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਇਸ ਤੋਂ ਜਵਾਹਿਰੀ ਦੀ ਲੋਕੇਸ਼ਨ ਦੀ ਫਿਰ ਤੋਂ ਪੁਸ਼ਟੀ ਹੋਈ।

ਘਰ ਦੀ ਹਰ ਸਰਗਰਮੀ ਦਾ ਅਧਿਐਨ

ਜਵਾਹਿਰੀ ਦੇ ਟਿਕਾਣੇ ਦੀ ਪੁਸ਼ਟੀ ਹੋਣ ਤੋਂ ਬਾਅਦ ਘਰ ਦੇ ਅੰਦਰ ਦੀਆਂ ਉਸ ਦੀਆਂ ਜਾਣਕਾਰੀਆਂ ਦਾ ਵੇਰਵਾ ਜੁਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਸਦੀ ਰੂਟੀਨ ਦਾ ਵੇਰਵਾ ਤਿਆਰ ਕੀਤਾ ਗਿਆ। ਇਸ ਵਿਚ ਪਾਇਆ ਗਿਆ ਕਿ ਜਵਾਹਿਰੀ ਸਵੇਰੇ ਉੱਠਣ ਤੋੋਂ ਬਾਅਦ ਇਕ ਪੱਕੇ ਟਾਈਮ ’ਤੇ ਬਾਲਕਨੀ ਵਿਚ ਆਉਂਦਾ ਹੈ ਅਤੇ ਕੁਝ ਦੇਰ ਲਈ ਚਾਰੇ ਪਾਸੇ ਖੜਾ ਹੋ ਕੇ ਦੇਖਦਾ ਹੈ।

PunjabKesari

1 ਜੁਲਾਈ

ਵ੍ਹਾਈਟ ਹਾਊਸ ਦੇ ਕ੍ਰਿਸਿਸ ਕਮਾਂਡ ਸੈਂਟਰ ਦੇ ਸਿਚੁਏਸ਼ਨ ਰੂਮ ਵਿਚ ਇਕ ਖਾਸ ਮੀਟਿੰਗ ਹੋਈ। ਬਾਈਡੇਨ ਓਦੋਂ 5 ਦਿਨ ਦੇ ਯੂਰਪ ਦੌਰੇ ਤੋਂ ਪਰਤੇ ਹੀ ਸਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਜਵਾਹਿਰੀ ’ਤੇ ਸਟ੍ਰਾਈਕ ਕੀਤੀ ਜਾ ਸਕਦੀ ਹੈ। ਇਸ ਮੀਟਿੰਗ ਵਿਚ ਸੁਰੱਖਿਆ ਸਲਾਹਕਾਰ ਅਤੇ ਸੀ. ਆਈ. ਏ. ਡਾਇਰੈਕਟਰ ਵਿਲੀਅਮ ਬਰਨਸ ਵੀ ਮੌਜੂਦ ਸਨ ਜਿਨ੍ਹਾਂ ਨੇ ਬਾਈਡੇਨ ਨੂੰ ਉਸ ਪੂਰੇ ਘਰ ਦਾ ਮਾਡਲ ਦਿਖਾਇਆ ਅਤੇ ਦੱਸਿਆ ਕਿ ਇਸ ਥਾਂ ’ਤੇ ਜਵਾਹਿਰੀ ਨੂੰ ਨਿਸ਼ਾਨਾ ਬਣਾਿਆ ਜਾ ਸਕਦਾ ਹੈ।

25 ਜੁਲਾਈ

ਕੋਵਿਡ-19 ਕਾਰਨ ਏਕਾਂਤਵਾਸ ਕਰ ਰਹੇ ਬਾਈਡੇਨ ਨੇ ਆਖਿਰ ਆਪਣੇ ਘਰ ਤੋਂ ਹੀ ਜਵਾਹਿਰੀ ’ਤੇ ਸਟ੍ਰਾਈਕ ਨੂੰ ਮਨਜ਼ੂਰੀ ਦਿੱਤੀ।

31 ਜੁਲਾਈ

ਆਪ੍ਰੇਸ਼ਨ ਦੀ ਪੂਰੀ ਤਿਆਰ ਕਰ ਲਈ ਗਈ ਸੀ। ਇਸ ਆਪ੍ਰੇਸ਼ਨ ਦੀ ਫਾਈਨਲ ਸਟੇਜ ਦੀ ਅਮਰੀਕਾ ਅਤੇ ਇੰਗਲੈਂਡ ਦੋਹਾਂ ਥਾਵਾਂ ਤੋਂ ਨਿਗਰਾਨੀ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਅਮਰੀਕਾ ਅਤੇ ਬ੍ਰਿਟੇਨ ਦਾ ਖੁਫੀਆ ਵਿਭਾਗ ਵੀ ਉੱਤਰੀ ਯਾਰਕਸ਼ਾਇਰ ਦੇ ਹਾਰੋਗੇਟ ਅਤੇ ਆਰ. ਏ. ਐੱਫ. ਹਿਲ ਤੋਂ ਨਿਗਰਾਨੀ ਕਰ ਰਿਹਾ ਸੀ। ਸੈਟੇਲਾਈਟ ਜਵਾਹਿਰੀ ਦੇ ਘਰ ਦਾ ਸਿੱਧਾ ਪ੍ਰਸਾਰਣ ਕਰ ਰਿਹਾ ਸੀ। ਹੁਣ ਬੱਸ ਕਾਬੁਲ ਵਿਚ ਸਵੇਰ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ।


cherry

Content Editor

Related News