ਅਮਰੀਕਾ ਦੇ 4 ਸਾਬਕਾ ਰਾਸ਼ਟਰਪਤੀਆਂ ਨੇ ਘੇਰਿਆ ਟਰੰਪ, ਕਿਹਾ-ਸ਼ਾਂਤਮਈ ਢੰਗ ਨਾਲ ਸੱਤਾ ਕਰਨ ਤਬਦੀਲ
Thursday, Jan 07, 2021 - 11:52 PM (IST)
ਵਾਸ਼ਿੰਗਟਨ-ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼, ਬਿਲ ਕਲਿੰਟਨ ਅਤੇ ਜਿੰਮੀ ਕਾਰਟਰ ਨੇ ਸੰਸਦ ਭਵਨ ’ਚ ਹੋਈ ਗੜਬੜ ਨੂੰ ਲੈ ਕੇ ਟਰੰਪ ਨੂੰ ਘੇਰਿਆ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਸ਼ਾਂਤੀਮਈ ਢੰਗ ਨਾਲ ਸੱਤਾ ਤਬਦੀਲ ਕਰਨ ਦੀ ਵੀ ਅਪੀਲ ਕੀਤੀ ਹੈ। ਓਬਾਮਾ ਨੇ ਇਕ ਬਿਆਨ ’ਚ ਕਿਹਾ ਕਿ ਅੱਜ ਦੀ ਹਿੰਸਾ ਇਕ ਮੌਜੂਦਾ ਰਾਸ਼ਟਰਪਤੀ ਦੇ ਉਕਸਾਵੇ ’ਤੇ ਹੋਈ। ਉਹ ਕਾਨੂੰਨੀ ਚੋਣ ਨਤੀਜਿਆਂ ਦੇ ਬਾਰੇ ’ਚ ਲਗਾਤਾਰ ਬੇਬੁਨਿਆਦ ਝੂਠ ਬੋਲ ਰਹੇ ਹਨ। ਬੁਸ਼ ਨੇ ਕਿਹਾ ਕਿ ਮੈਂ ਹਰਕਤ ਨੂੰ ਦੇਖ ਕੇ ਹੈਰਾਨ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ਾਂ ਦੀਆਂ ਸੰਸਥਾਵਾਂ, ਰਵਾਇਤਾਂ ਅਤੇ ਕਾਨੂੰਨ ਦਾ ਸਨਮਾਨ ਕਰਨ। ਕਲਿੰਟਨ ਨੇ ਇਕ ਬਿਆਨ ’ਚ ਕਿਹਾ ਕਿ ਸਾਡੇ ਕੈਪੀਟਲ, ਸਾਡੇ ਸੰਵਿਧਾਨ ਅਤੇ ਸਾਡੇ ਦੇਸ਼ ’ਤੇ ਬੇਮਿਸਾਲ ਹਮਲਾ ਕੀਤਾ ਗਿਆ। ਸਾਨੂੰ ਇਸ ਨੂੰ ਠੁਕਰਾ ਕੇ ਏਕਤਾ ਨਾਲ ਅਗੇ ਵਧਣਾ ਚਾਹੀਦਾ ਜਦਕਿ ਕਾਰਟਰ ਨੇ ਕਿਹਾ ਕਿ ਉਹ ਦੁਖੀ ਹਨ।
ਇਹ ਵੀ ਪੜ੍ਹੋ -ਜਪਾਨ ਨੇ ਕੋਵਿਡ-19 ਕਾਰਣ ਟੋਕੀਓ ’ਚ ਐਲਾਨੀ ਐਮਰਜੈਂਸੀ
ਜ਼ਿਕਰਯੋਗ ਹੈ ਕਿ ਬੀਤੀ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਸਨ। ਇਸ ’ਚ ਡੈਮੋਕੇ੍ਰਟ ਬਾਈਡੇਨ ਦੀ ਜਿੱਤ ਹੋਈ ਸੀ। ਚੋਣ ਨਤੀਜੇ ਆਉਣ ਦੇ ਦੋ ਮਹੀਨਿਆਂ ਬਾਅਦ ਵੀ ਰਿਪਬਲਿਕਨ ਪਾਰਟੀ ਦੇ ਟਰੰਪ ਨੇ ਬਾਈਡੇਨ ਅਗੇ ਆਪਣੀ ਹਾਰ ਨਹੀਂ ਮੰਨੀ ਅਤੇ ਬੇਬੁਨਿਆਦ ਧਾਂਦਲੀ ਦੇ ਦੋਸ਼ ਲਾਉਂਦੇ ਰਹੇ। ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਕਈ ਸੂਬਿਆਂ ਦੀਆਂ ਅਦਾਲਤਾਂ ’ਚ ਚੁਣੌਤੀ ਵੀ ਦਿੱਤੀ ਸੀ ਪਰ ਨਿਰਾਸ਼ਾ ਹੀ ਹੱਥ ਲੱਗੀ ਸੀ।
ਇਹ ਵੀ ਪੜ੍ਹੋ -ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ
ਪਹਿਲੀ ਵਾਰ ਦੇਖੀ ਗਈ ਅਜਿਹੀ ਹਿੰਸਾ
ਕੈਪੀਟਲ ਭਾਵ ਸੰਸਦ ਭਵਨ ਨੂੰ ਸਾਲ 1800 ’ਚ ਖੋਲਿ੍ਹਆ ਗਿਆ ਸੀ। ਇਹ ਕੈਪੀਟਲ ਹਿੱਲ ’ਤੇ ਸਥਿਤ ਹੈ। ਇਥੇ ਸੰਸਦ ਦੇ ਦੋਵੇਂ ਸਦਨ ਸੈਨੇਟ ਅਤੇ ਪ੍ਰਤੀਨਿਧੀ ਸਭਾ ਹਨ। ਇਸ ਦੀ ਹੋਂਦ ’ਚ ਆਉਣ ਦੇ 14 ਸਾਲਾਂ ਬਾਅਦ ਭਾਵ 1814 ’ਚ ਇਕ ਯੁੱਧ ’ਚ ਬਿ੍ਰਟਿਸ਼ ਫੌਜਾਂ ਨੇ ਇਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ 1915 ’ਚ ਇਕ ਜਰਮਨ ਵਿਅਕਤੀ ਨੇ ਬਾਰੂਦ ਲਗਾ ਕੇ ਇਸ ਨੂੰ ਉਡਾਣ ਦੀ ਕੋਸ਼ਿਸ਼ ਕੀਤੀ ਸੀ। 1998 ’ਚ ਇਸ ਭਵਨ ’ਚ ਸਭ ਤੋਂ ਵੱਡਾ ਹਮਲਾ ਕੀਤਾ ਗਿਆ ਸੀ। ਇਕ ਵਿਅਕਤੀ ਨੇ ਜਾਂਚ ਚੌਕੀਆਂ ’ਤੇ ਹਮਲਾ ਕਰ ਕੇ ਦੋ ਪੁਲਸ ਅਧਿਕਾਰੀਆਂ ਨੂੰ ਮਾਰ ਦਿੱਤਾ ਸੀ। ਭਵਨ ਦੇ ਇਤਿਹਾਸ ’ਚ ਬੁੱਧਵਾਰ ਦੀ ਹਿੰਸਾ ਸਭ ਤੋਂ ਬੇਮਿਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।