ਅਮਰੀਕਾ ਨੇ ਜ਼ਬਤ ਈਰਾਨੀ ਟੈਂਕਰ ਦੇ ਚਾਲਕ ਦਲ ਨੂੰ ਦਿੱਤੀ ਇਹ ਧਮਕੀ
Friday, Aug 16, 2019 - 03:33 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਜ਼ਬਤ ਕੀਤੇ ਗਏ ਇਕ ਈਰਾਨੀ ਸੁਪਰਟੈਂਕਰ ਦੇ ਚਾਲਕ ਦਲ 'ਤੇ ਵੀਜ਼ਾ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ ਹੈ। ਵਿਦੇਸ਼ ਵਿਭਾਗ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਵੀਰਵਾਰ ਨੂੰ ਕਿਹਾ ਕਿ ਗ੍ਰੇਸ 1 ਟੈਂਕਰ ਪਿਛਲੇ ਮਹੀਨੇ ਤੇਲ ਲੈ ਕੇ ਈਰਾਨ ਤੋਂ ਸੀਰੀਆ ਜਾ ਰਿਹਾ ਸੀ। ਇਸ ਤਰ੍ਹਾਂ ਉਹ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੀ ਮਦਦ ਕਰ ਰਿਹਾ ਸੀ, ਜਿਸ ਨੂੰ ਅਮਰੀਕਾ ਇਕ ਅੱਤਵਾਦੀ ਸੰਗਠਨ ਮੰਨਦਾ ਹੈ।
ਇਸ ਟੈਂਕਰ ਨੂੰ ਬੀਤੇ ਮਹੀਨੇ ਜਿਬਰਾਲਟਰ ਤੱਟ ਨੇੜੇ ਫੜਿਆ ਗਿਆ ਸੀ। ਓਰਟਾਗਸ ਨੇ ਕਿਹਾ ਕਿ ਈਰਾਨ ਤੋਂ ਤੇਲ ਲੈ ਕੇ ਰੈਵੋਲੂਸ਼ਨਰੀ ਗਾਰਡ ਕੌਰਪਸ (ਆਈ.ਆਰ.ਜੀ.ਸੀ.) ਦੀ ਮਦਦ ਕਰਨ ਨਾਲੇ ਜਹਾਜ਼ਾਂ ਦੇ ਚਾਲਕ ਦਲ ਦੇ ਮੈਂਬਰ ਅੱਤਵਾਦ ਸੰੰਬੰਧੀ ਅਸਵੀਕਾਰਯੋਗ ਕੰਮ ਕਰਨ ਦੇ ਆਧਾਰ 'ਤੇ ਵੀਜ਼ਾ ਲਈ ਜਾਂ ਅਮਰੀਕਾ ਵਿਚ ਦਾਖਲ ਹੋਣ ਲਈ ਅਯੋਗ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਪਿੰਗ ਭਾਈਚਾਰੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕੀ ਸਰਕਾਰ ਅਜਿਹੇ ਚਾਲਕ ਦਲ ਦੇ ਮੈਂਬਰਾਂ ਦਾ ਵੀਜ਼ਾ ਰੱਦ ਕਰ ਸਕਦੀ ਹੈ।
ਜਿਬਰਾਲਟਰ ਪੁਲਸ ਅਤੇ ਬ੍ਰਿਟਿਸ਼ ਵਿਸ਼ੇਸ਼ ਬਲਾਂ ਨੇ 4 ਜੁਲਾਈ ਨੂੰ ਗ੍ਰੇਸ 1 ਨਾਮਕ ਟੈਂਕਰ ਨੂੰ ਜ਼ਬਤ ਕਰ ਲਿਆ ਸੀ, ਜੋ 21 ਲੱਖ ਬੈਰਲ ਈਰਾਨੀ ਤੇਲ ਲੈ ਕੇ ਸੀਰੀਆ ਜਾ ਰਿਹਾ ਸੀ। ਇਸ ਘਟਨਾ ਦੇ ਬਾਅਦ ਡਿਪਲੋਮੈਟਿਕ ਸੰਕਟ ਪੈਦਾ ਹੋ ਗਿਆ ਸੀ। ਆਪਣਾ ਟੈਂਕਰ ਜ਼ਬਤ ਕੀਤੇ ਜਾਣ ਦੀ ਇਸ ਘਟਨਾ ਦੇ ਜਵਾਬ ਵਿਚ ਈਰਾਨ ਨੇ ਦੋ ਹਫਤੇ ਬਾਅਦ ਹੋਰਮੁਜ ਦੀ ਜਲਸੰਧੀ 'ਤੇ ਇਕ ਬ੍ਰਿਟਿਸ਼ ਟੈਂਕਰ ਸਟੇਨਾ ਇੰਪੇਰੋ ਨੂੰ ਜ਼ਬਤ ਕਰ ਲਿਆ, ਜਿਸ ਨਾਲ ਤਣਾਅ ਹੋਰ ਵੱਧ ਗਿਆ।