ਅਮਰੀਕਾ 9/11 ਹਮਲੇ ਨਾਲ ਸਬੰਧਤ ਸਾਊਦੀ ਅਧਿਕਾਰੀ ਦੇ ਨਾਮ ਦਾ ਕਰੇਗਾ ਖੁਲਾਸਾ

09/13/2019 1:09:43 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਨਿਆਂ ਵਿਭਾਗ ਸਾਊਦੀ ਅਰਬ ਦੇ ਉਸ ਅਧਿਕਾਰੀ ਦੇ ਨਾਮ ਦਾ ਖੁਲਾਸਾ ਕਰੇਗਾ ਜਿਸ ਦਾ ਕਥਿਤ ਤੌਰ 'ਤੇ ਸੰਬੰਧ 11 ਸਤੰਬਰ, 2001 ਨੂੰ ਹਮਲਾ ਕਰਨ ਵਾਲੇ ਅਲ-ਕਾਇਦਾ ਦੇ ਅੱਤਵਾਦੀਆਂ ਨਾਲ ਸੀ। ਲੰਬੇ ਸਮੇਂ ਤੱਕ ਇਸ ਅਧਿਕਾਰੀ ਦੇ ਨਾਮ ਨੂੰ ਗੁਪਤ ਰੱਖਿਆ ਗਿਆ ਸੀ। ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਵੱਲੋਂ ਸਾਲਾਂ ਤੋਂ ਬਣਾਏ ਜਾ ਰਹੇ ਦਬਾਅ ਕਾਰਨ ਐੱਫ.ਬੀ.ਆਈ. ਅਤੇ ਨਿਆਂ ਵਿਭਾਗ ਨੇ ਇਸ ਵਿਸ਼ੇਸ਼ ਮਾਮਲੇ ਦੇ ਹਾਲਾਤ ਦੇ ਮੱਦੇਨਜ਼ਰ ਸਾਊਦੀ ਅਰਬ ਦੇ ਅਧਿਕਾਰੀ ਦੇ ਨਾਮ ਦਾ ਖੁਲਾਸਾ ਕਰਨ ਦਾ ਫੈਸਲਾ ਲਿਆ ਹੈ। ਭਾਵੇਂਕਿ ਤੀਜੇ ਅਧਿਕਾਰੀ ਦਾ ਨਾਮ ਗੁਪਤ ਰੱਖਿਆ ਗਿਆ ਸੀ। ਅਜਿਹਾ ਅੰਦਾਜੇ ਲਗਾਏ ਗਏ ਹਨ ਕਿ ਤੀਜੇ ਅਧਿਕਾਰੀ ਦਾ ਸੰਬੰਧ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨਾਲ ਹੈ। 

ਇਸ ਅਧਿਕਾਰੀ ਨੇ ਕੁਝ ਹਮਲਾਵਰਾਂ ਦੇ ਅਮਰੀਕਾ ਪਹੁੰਚਣ ਦੇ ਬਾਅਦ ਕਥਿਤ ਤੌਰ 'ਤੇ ਉਨ੍ਹ੍ਹਾਂ ਦੀ ਮਦਦ ਕੀਤੀ ਸੀ। ਇਨ੍ਹਾਂ ਸਾਰੇ 19 ਲੋਕਾਂ ਵਿਚੋਂ 15 ਸਾਊਦੀ ਅਰਬ ਦੇ ਸਨ ਅਤੇ ਉਨ੍ਹਾਂ ਨੇ 4 ਏਅਰਲਾਈਨਜ਼ ਨੂੰ ਅਗਵਾ ਕਰਨ ਅਤੇ ਉਨ੍ਹਾਂ ਨੂੰ ਨਿਊਯਾਰਕ ਦੇ ਵਰਲਡ ਟਰੈਡ ਸੈਂਟਰ, ਪੇਂਟਾਗਨ ਅਤੇ ਸੰਭਵ ਤੌਰ 'ਤੇ ਵ੍ਹਾਈਟ ਹਾਊਸ ਜਾਂ ਸੰਸਦ 'ਤੇ ਡੇਗਣ ਦੀ ਸਾਜਿਸ਼ ਵਿਚ ਹਿੱਸਾ ਲਿਆ ਸੀ। ਨਿਊਯਾਰਕ, ਵਾਸ਼ਿੰਗਟਨ ਅਤੇ ਪੈੱਨਸਿਲਵੇਨੀਆ ਵਿਚ ਹੋਏ ਹਮਲਿਆਂ ਵਿਚ ਕਰੀਬ 3,000 ਲੋਕ ਮਾਰੇ ਗਏ ਸਨ। ਪੀੜਤ ਪਰਿਵਾਰਾਂ ਨੇ ਸਾਊਦੀ ਅਰਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਮੁਕੱਦਮਾ ਵੀ ਕੀਤਾ ਸੀ।

ਸਾਲ 2002 ਵਿਚ ਹਮਲਿਆਂ ਦੀ ਇਕ ਅਧਿਕਾਰਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੁਝ ਹਮਲਾਵਰਾਂ ਨੂੰ ਸਾਊਦੀ ਅਧਿਕਾਰੀਆਂ ਤੋਂ ਧਨ ਮਿਲਿਆ ਸੀ। ਇਨ੍ਹਾਂ ਅਧਿਕਾਰੀਆਂ ਵਿਚੋਂ ਘੱਟੋ-ਘੱਟ ਦੋ ਸਾਊਦੀ ਖੁਫੀਆ ਅਧਿਕਾਰੀ ਸਨ। ਉਸ ਸਮੇਂ ਇਹ ਦੋਵੇਂ ਅਧਿਕਾਰੀ ਫਹਾਦ ਅਲ-ਥੁਮੈਰੀ ਅਤੇ ਉਮਰ-ਅਲ-ਬਾਯੂਮੀ ਅਮਰੀਕਾ ਵਿਚ ਸਾਊਦੀ ਅਰਬ ਦੂਤਘਰ ਵਿਚ ਤਾਇਨਾਤ ਸਨ। ਬਾਅਦ ਦੀਆਂ ਜਾਂਚਾਂ ਵਿਚ ਇਸ ਦਾਅਵੇ ਨੂੰ ਖਾਰਿਜ ਕੀਤਾ ਗਿਆ ਕਿ ਉਹ ਅਗਵਾ ਕਰਨ ਵਲਿਆਂ ਨਾਲ ਸ਼ਾਮਲ ਸਨ ਪਰ 2012 ਵਿਚ ਐੱਫ.ਬੀ.ਆਈ. ਰਿਪੋਰਟ ਵਿਚ ਇਨ੍ਹਾਂ ਦੋਸ਼ਾਂ ਨੂੰ ਦੁਹਰਾਇਆ ਗਿਆ ਅਤੇ ਤੀਜੇ ਅਧਿਕਾਰੀ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਨੇ ਸੰਭਵ ਤੌਰ 'ਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਸਨ। ਇਹ ਮਾਮਲਾ ਸਾਊਦੀ ਅਰਬ ਸਰਕਾਰ ਲਈ ਸ਼ਰਮ ਦਾ ਵਿਸ਼ਾ ਹੈ ਜੋ ਅਲ-ਕਾਇਦਾ ਨਾਲ ਸੰਪਰਕ ਨੂੰ ਲਗਾਤਾਰ ਖਾਰਿਜ ਕਰਦੀ ਰਹੀ ਹੈ।


Vandana

Content Editor

Related News