ਈਰਾਨ ''ਤੇ ਅਮਰੀਕਾ ਜਾਂ ਸਾਊਦੀ ਅਰਬ ਦੇ ਹਮਲੇ ਨਾਲ ਜੰਗ ਛਿੜ ਜਾਵੇਗੀ : ਵਿਦੇਸ਼ ਮੰਤਰੀ

09/19/2019 9:25:57 PM

ਤੇਹਰਾਨ (ਏ.ਐਫ.ਪੀ.)- ਈਰਾਨ ਦੇ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਸੁਚੇਤ ਕੀਤਾ ਕਿ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹਮਲੇ ਨੂੰ ਲੈ ਕੇ ਜੇਕਰ ਦੇਸ਼ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਇਸ ਦਾ ਨਤੀਜਾ ਜੰਗ ਹੋਵੇਗਾ। ਦਰਅਸਲ ਅਮਰੀਕਾ ਅਤੇ ਖਾੜੀ ਦੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹੋਏ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੂੰ ਪੁੱਛਿਆ ਗਿਆ ਕਿ ਈਰਾਨ 'ਤੇ ਅਮਰੀਕਾ ਜਾਂ ਸਾਊਦੀ ਅਰਬ ਦੇ ਫੌਜੀ ਹਮਲੇ ਦੇ ਕੀ ਨਤੀਜੇ ਹੋ ਸਕਦੇ ਹਨ। ਇਸ 'ਤੇ ਜ਼ਰੀਫ ਨੇ ਕਿਹਾ ਕਿ ਜੇਕਰ ਈਰਾਨ 'ਤੇ ਹਮਲਾ ਹੋਇਆ ਤਾਂ ਜੰਗ ਛਿੜ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਜੰਗ ਨਹੀਂ ਚਾਹੁੰਦੇ। ਅਸੀਂ ਫੌਜੀ ਟਕਰਾਅ ਨਹੀਂ ਚਾਹੁੰਦੇ। ਜ਼ਰੀਫ ਨੇ ਯਾਦ ਕਰਵਾਇਆ ਕਿ ਇਸ ਨਾਲ ਬਹੁਤ ਲੋਕ ਮਾਰੇ ਜਾਣਗੇ। ਵਿਦੇਸ਼ ਮੰਤਰੀ ਨੇ ਕਿਹਾ, ਪਰ ਅਸੀਂ ਆਪਣੇ ਖੇਤਰ ਦੀ ਰੱਖਿਆ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ।

ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਸ਼ਨੀਵਾਰ ਨੂੰ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਯਮਨ ਵਿਚ ਈਰਾਨ ਦੀ ਹਮਾਇਤ ਕਰਨ ਵਾਲੇ ਹਾਉਤੀ ਬਾਗੀਆਂ ਨੇ ਲਈ ਹੈ ਪਰ ਅਮਰੀਕਾ ਦਾ ਕਹਿਣਾ ਹੈ ਕਿ ਹਮਲੇ ਵਿਚ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਹੋਈ ਹੈ ਜੋ ਜੰਗ ਦੀ ਕਾਰਵਾਈ ਬਰਾਬਰ ਹਨ। ਸਾਊਦੀ ਅਰਬ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਮਲੇ ਪਿੱਛੇ ਈਰਾਨ ਦਾ ਹੱਥ ਹੈ ਅਤੇ ਜਿਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ, ਉਹ ਈਰਾਨ ਵਿਚ ਬਣੇ ਹਨ, ਪਰ ਉਸ ਨੇ ਆਪਣੇ ਖੇਤਰੀ ਵਿਰੋਧੀਆਂ ਨੂੰ ਸਿੱਧੇ ਕਸੂਰਵਾਰ ਨਹੀਂ ਕਰਾਰ ਦਿੱਤਾ ਹੈ। ਜ਼ਰੀਫ ਨੇ ਕਿਹਾ ਕਿ ਉਹ ਕੋਈ ਚੀਜ਼ ਹਾਸਲ ਕਰਨ ਲਈ ਈਰਾਨ 'ਤੇ ਦੋਸ਼ ਮੜ੍ਹਣਾ ਚਾਹੁੰਦੇ ਹਨ ਅਤੇ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇਹ ਜੰਗ ਦੀ ਕਾਹਲੀ ਹੈ ਕਿਉਂਕਿ ਇਹ ਝੂਠ ਅਤੇ ਫਰੇਬ 'ਤੇ ਅਧਾਰਿਤ ਹੈ।


Sunny Mehra

Content Editor

Related News