ਭਾਰਤੀ-ਅਮਰੀਕੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ, ਮਿਲੇਗੀ ਸਜ਼ਾ

Tuesday, Mar 19, 2019 - 01:05 PM (IST)

ਭਾਰਤੀ-ਅਮਰੀਕੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ, ਮਿਲੇਗੀ ਸਜ਼ਾ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਚ ਇਕ ਭਾਰਤੀ-ਅਮਰੀਕੀ ਜੋੜੇ ਨੂੰ ਮਨੁੱਖੀ ਤਸਕਰੀ ਅਤੇ ਧੋਖਾਧੜੀ ਦੇ ਦੋਸ਼ ਵਿਚ ਦੋਸ਼ੀ ਪਾਇਆ ਗਿਆ ਹੈ। ਦੋਸ਼ੀ ਜੋੜੇ ਦਾ ਨਾਮ ਸਤੀਸ਼ ਕਰਤਾਨ (43) ਅਤੇ ਸ਼ਰਮਿਸ਼ਠਾ ਬਰਈ (38) ਹੈ। ਜੋੜੇ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਵਿਦੇਸ਼ ਵਿਚ ਕੰਮ ਕਰਨ ਦਾ ਲਾਲਚ ਦੇ ਕੇ ਲੋਕਾਂ ਨੂੰ ਪਹਿਲਾਂ ਵਿਦੇਸ਼ ਬੁਲਾਇਆ ਅਤੇ ਫਿਰ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ।

ਸਹਾਇਕ ਅਟਾਰਨੀ ਜਨਰਲ ਐਰਿਕ ਡ੍ਰਿਬੈਂਡ ਨੇ ਕਿਹਾ ਕਿ ਇਸ ਮਾਮਲੇ ਵਿਚ ਜੋੜੇ ਨੂੰ 20 ਸਾਲ ਦੀ ਜੇਲ ਅਤੇ 250,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਸਜ਼ਾ ਲਈ 6 ਜੂਨ ਦਾ ਦਿਨ ਨਿਰਧਾਰਤ ਕੀਤਾ ਗਿਆ ਹੈ। ਫਰਵਰੀ 2014 ਅਤੇ ਅਕਤਬੂਰ 2016 ਵਿਚ ਮੁਕੱਦਮੇ ਵਿਚ ਪੇਸ਼ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਅਤੇ ਸਬੂਤਾਂ ਮੁਤਾਬਕ ਕਰਤਾਨ ਅਤੇ ਬਰਈ ਨੇ ਵਿਦੇਸ਼ ਤੋਂ ਆਏ ਲੋਕਾਂ ਨੂੰ ਆਪਣੇ ਘਰ ਵਿਚ ਘਰੇਲੂ ਕੰਮ ਲਈ ਰੱਖਿਆ। ਡ੍ਰਿਬੈਂਡ ਮੁਤਾਬਕ ਦੋਸ਼ੀ ਜੋੜੇ ਨੇ ਸਾਲ 2014 ਤੋਂ ਲੈ ਕੇ 2016 ਤੱਕ ਵਿਦੇਸ਼ ਵਿਚ ਕੰਮ ਕਰਨ ਸਬੰਧੀ ਕਈ ਇਸ਼ਤਿਹਾਰ ਕੱਢੇ, ਜਿਨ੍ਹਾਂ ਨੂੰ ਇੰਟਰਨੈਟ ਸਮੇਤ ਭਾਰਤ ਦੇ ਕਈ ਅਖਬਾਰਾਂ ਵਿਚ ਵੀ ਪ੍ਰਕਾਸ਼ਿਤ ਕੀਤਾ ਗਿਆ। 

ਜੋੜੇ ਨੇ ਇਨ੍ਹਾਂ ਇਸ਼ਤਿਹਾਰਾਂ ਵਿਚ ਰੋਜ਼ਾਨਾ ਭੱਤਿਆਂ ਆਦਿ ਦੇ ਸਬੰਧ ਵਿਚ ਗਲਤ ਜਾਣਕਾਰੀਆਂ ਦਿੱਤੀਆਂ। ਇਸ ਮਗਰੋਂ ਜ਼ਿਆਦਾ ਤਨਖਾਹ ਦੇ ਲਾਲਚ ਵਿਚ ਕਈ ਲੋਕਾਂ ਨੇ ਜੋੜੇ ਨਾਲ ਸੰਪਰਕ ਕੀਤਾ। ਇਸ ਮਗਰੋਂ ਜੋੜੇ ਨੇ ਧੋਖੇ ਨਾਲ ਉਨ੍ਹਾਂ ਨੂੰ ਅਮਰੀਕਾ ਬੁਲਾਇਆ। ਉੱਥੇ ਪਹੁੰਚਣ 'ਤੇ ਇਨ੍ਹਾਂ ਲੋਕਾਂ ਤੋਂ ਜ਼ਬਰਦਸਤੀ 18 ਘੰਟੇ ਤੋਂ ਵੱਧ ਕੰਮ ਕਰਵਾਇਆ। ਨਾਲ ਹੀ ਉਨ੍ਹਾਂ ਨੂੰ ਤੈਅ ਤਨਖਾਹ ਅਤੇ ਹੋਰ ਭੱਤਿਆਂ ਮੁਤਾਬਕ ਭੁਗਤਾਨ ਵੀ ਨਹੀਂ ਕੀਤਾ।

ਅਦਾਲਤ ਵਿਚ ਦਾਇਰ ਦੋਸ਼ ਪੱਤਰ ਮੁਤਾਬਕ ਇਕ ਪੀੜਤਾ ਨੇ ਦੋਸ਼ ਲਗਾਇਆ ਕਿ ਇਕ ਵਾਰ ਉਸ ਦੇ ਵਿਰੋਧ ਕਰਨ 'ਤੇ ਸਤੀਸ਼ ਕਰਤਾਨ ਨੇ ਉਸ ਦਾ ਹੱਥ ਗੈਸ 'ਤੇ ਰੱਖ ਕੇ ਸਾੜ ਦਿੱਤਾ ਸੀ। ਇਸ ਮਗਰੋਂ ਪੀੜਤਾ ਦੇ ਤਨਖਾਹ ਮੰਗਣ 'ਤੇ ਦੋਸ਼ੀ ਜੋੜੇ ਨੇ ਪੁਲਸ ਵਿਚ ਉਸ ਵਿਰੁੱਧ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਸੀ। ਪੀੜਤਾ ਨੇ ਜਦੋਂ ਘਰ ਛੱਡ ਕੇ ਜਾਣ ਦੀ ਗੱਲ ਕੀਤੀ ਤਾਂ ਉਸ ਨੂੰ ਜ਼ਬਰਦਸਤੀ ਘਰ ਵਿਚ ਕੈਦ ਕਰ ਲਿਆ।


author

Vandana

Content Editor

Related News