ਅਮਰੀਕਾ ’ਚ ਕੇਰਲ ਦੇ ਹਿੰਦੂਆਂ ਨੇ ਵਿਵੇਕ ਰਾਮਾਸਵਾਮੀ ਦੇ ਮਾਤਾ-ਪਿਤਾ ਨੂੰ ਤੋਹਫੇ ’ਚ ਦਿੱਤਾ ‘ਰਿਗਵੇਦ’
Thursday, Jan 04, 2024 - 09:52 AM (IST)
ਓਹੀਓ (ਏ. ਐੱਨ. ਆਈ.)- ਉੱਤਰੀ ਅਮਰੀਕਾ ਦੇ ਕੇਰਲ ਦੇ ਹਿੰਦੂਆਂ ਨੇ ਭਾਰਤੀ-ਅਮਰੀਕੀ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਦੇ ਮਾਤਾ-ਪਿਤਾ ਨੂੰ ਪਵਿੱਤਰ ‘ਰਿਗਵੇਦ’ ਤੋਹਫੇ ’ਚ ਦਿੱਤਾ। ਇਸ ਮੌਕੇ ਓਹੀਓ ਦੇ ਡੈਟਨ ਟੈਂਪਲ ’ਚ ਪੂਰੀ ਸ਼ਰਧਾ ਨਾਲ ਪੂਜਾ ਕੀਤੀ ਗਈ। ਇਕ ਵਾਇਰਲ ਵੀਡੀਓ ’ਚ ਵਿਵੇਕ ਦੇ ਪਿਤਾ ਨੂੰ ਪ੍ਰਾਚੀਨ ਪਾਠ ਸੌਂਪਣ ਤੋਂ ਪਹਿਲਾਂ ਉਸ ਦੀ ਰਸਮੀ ਪੂਜਾ ਕਰਦੇ ਹੋਏ ਵਿਖਾਇਆ ਗਿਆ ਹੈ। ਪੂਰਾ ਮਾਹੌਲ ਉਸ ਵੇਲੇ ਅਧਿਆਤਮਿਕਤਾ ਨਾਲ ਭਰ ਗਿਆ ਜਦੋਂ ਰਾਮਾਸਵਾਮੀ ਨੇ ‘ਰਿਗਵੇਦ’ ’ਚ ਬੇਹੱਦ ਡੂੰਘੇ ਗਿਆਨ ਵਾਲੇ ਸ਼ਕਤੀਸ਼ਾਲੀ ‘ਏਕਯਾਮਾਤਯ ਸੂਕਤਮ’ ਦਾ ਪਾਠ ਕੀਤਾ।
38 ਸਾਲਾ ਰਾਮਾਸਵਾਮੀ ਦੱਖਣ-ਪੱਛਮੀ ਓਹੀਓ ਦੇ ਮੂਲ ਨਿਵਾਸੀ ਹਨ। ਉਨ੍ਹਾਂ ਦੀ ਮਾਂ ਇਕ ਜੇਰੀਏਟ੍ਰਿਕ ਮਨੋਵਿਗਿਆਨੀ ਸੀ ਅਤੇ ਉਨ੍ਹਾਂ ਦੇ ਪਿਤਾ ਜਨਰਲ ਇਲੈਕਟ੍ਰਿਕ ’ਚ ਇਕ ਇੰਜੀਨੀਅਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਕੇਰਲ ਤੋਂ ਅਮਰੀਕਾ ਆ ਗਏ ਸਨ। ਰਾਮਾਸਵਾਮੀ ਦੀ ਰਾਸ਼ਟਰਪਤੀ ਅਹੁਦੇ ਦੀ ਮੁਹਿੰਮ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ ਅਤੇ ਉਹ ਜੀ. ਓ. ਪੀ. ਪ੍ਰਾਇਮਰੀ ਚੋਣਾਂ ’ਚ ਅੱਗੇ ਵਧੇ ਹਨ, ਹਾਲਾਂਕਿ ਸਮਰਥਨ ’ਚ ਉਹ ਅਜੇ ਵੀ ਡੋਨਾਲਡ ਟਰੰਪ ਅਤੇ ਫਲੋਰਿਡਾ ਦੇ ਗਵਰਨਰ ਰੌਨ ਡਿਸੈਂਟਿਸ ਤੋਂ ਪਿੱਛੇ ਹਨ। ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਅਗਲੀਆਂ ਚੋਣਾਂ ਇਸ ਸਾਲ 5 ਨਵੰਬਰ ਨੂੰ ਹੋਣੀਆਂ ਹਨ। ਪਿਛਲੇ ਸਾਲ ਨਵੰਬਰ ’ਚ ਰਾਮਾਸਵਾਮੀ ਨੇ ਆਪਣੀ ‘ਹਿੰਦੂ’ ਆਸਥਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਹਿੰਦੂ ਹੋਣਾ ਉਨ੍ਹਾਂ ਨੂੰ ਆਜ਼ਾਦੀ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਨੈਤਿਕ ਜ਼ਿੰਮੇਵਾਰੀ ਵਜੋਂ ਇਸ ਰਾਸ਼ਟਰਪਤੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ: UK ਦਾ ਵੱਡਾ ਐਲਾਨ, ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਦੇਵੇਗਾ ਵੀਜ਼ਾ ਮੁਕਤ ਐਂਟਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।