ਅਮਰੀਕਾ : ਵਾਸ਼ਿੰਗਟਨ ’ਚ ਸੈਂਕੜੇ ਲੋਕਾਂ ਨੇ ਕਿਊਬਾ ਸਰਕਾਰ ਖ਼ਿਲਾਫ ਕੱਢੀ ਰੈਲੀ
Wednesday, Jul 28, 2021 - 01:18 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਵਾਸ਼ਿੰਗਟਨ ’ਚ ਕਿਊਬਾ ਮੂਲ ਦੇ ਸੈਂਕੜੇ ਲੋਕਾਂ, ਸਿਆਸੀ ਸ਼ਰਨਾਰਥੀਆਂ ਅਤੇ ਕਾਰਕੁੰਨਾਂ ਨੇ ਸੋਮਵਾਰ ਨੂੰ ਕਿਊਬਾ ਦੀ ਸਰਕਾਰ ਦੇ ਵਿਰੋਧ ’ਚ ਅਮਰੀਕਾ ਦੀ ਰਾਜਧਾਨੀ ’ਚ ਰੈਲੀ ਕੱਢੀ। ਇਸ ਰੈਲੀ ’ਚ ਲੋਕ ਅਮਰੀਕਾ ਅਤੇ ਕਿਊਬਾ ਦੇ ਝੰਡੇ ਫੜ ਕੇ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਕੋਲੋਂ ਕਿਊਬਾ ਪ੍ਰਸ਼ਾਸਨ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਰੈਲੀ ’ਚ ਮਨੁੱਖੀ ਅਧਿਕਾਰ ਸਮੂਹਾਂ ਨੇ ਕਿਊਬਾ ਦੇ ਸ਼ਾਸਕਾਂ ’ਤੇ ਇਲਜ਼ਾਮ ਲਗਾਇਆ ਕਿ ਉਹ ਇਤਿਹਾਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸੈਂਸਰਸ਼ਿਪ ਅਤੇ ਲੋਕਾਂ ਨੂੰ ਡਰਾਉਣ ਲਈ ਹੋਰ ਚਾਲਾਂ ਦੀ ਵਰਤੋਂ ਕਰਦੇ ਹਨ। ਕਿਊਬਾ ਤੋਂ ਆ ਕੇ ਅਮਰੀਕਾ ਵਸੇ ਇਸ ਰੈਲੀ ’ਚ ਸ਼ਾਮਲ ਲੋਕਾਂ ਅਨੁਸਾਰ ਵ੍ਹਾਈਟ ਹਾਊਸ ਨੂੰ ਕਿਊਬਾ ਦੀ ਸਰਕਾਰ ਨੂੰ ਨਾਜਾਇਜ਼ ਐਲਾਨਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਜਰਮਨੀ : ਕੈਮੀਕਲ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 16 ਲੋਕ ਜ਼ਖ਼ਮੀ ਤੇ 5 ਲਾਪਤਾ
11 ਜੁਲਾਈ ਨੂੰ ਕਿਊਬਾ ’ਚ ਆਰਥਿਕ ਤੰਗੀ, ਮੈਡੀਕਲ ਅਤੇ ਭੋਜਨ ਦੀ ਘਾਟ ਅਤੇ ਸ਼ਾਸਨ ਦੇ ਗੁੱਸੇ ਕਾਰਨ ਲੋਕਾਂ ਵੱਲੋਂ ਕਈ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਪੁਲਸ ਨਾਲ ਹੋਈਆਂ ਝੜਪਾਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸੈਂਕੜੇ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਜਨਤਕ ਗੜਬੜੀ, ਭੰਨ-ਤੋੜ ਅਤੇ ਲਾਪਰਵਾਹੀ ਦੇ ਦੋਸ਼ ਲਾਏ ਗਏ। ਰਾਜਧਾਨੀ ’ਚ ਕੱਢਿਆ ਇਹ ਮਾਰਚ ਕਿਊਬਾ ਦੀ ਅੰਬੈਸੀ ਵਿਖੇ ਸਮਾਪਤ ਹੋਇਆ। ਇਸ ਤੋਂ ਪਹਿਲਾਂ ਅਮਰੀਕਾ ਨੇ ਪਿਛਲੇ ਹਫਤੇ ਕਿਊਬਾ ਦੇ ਰੱਖਿਆ ਮੰਤਰੀ ਉੱਤੇ ਪਾਬੰਦੀਆਂ ਲਗਾਉਂਦਿਆਂ ਕਿਊਬਾ ਦੇ ਲੋਕਾਂ ਲਈ ਆਪਣੇ ਸਮਰਥਨ ਨੂੰ ਵੀ ਪੇਸ਼ ਕੀਤਾ ਹੈ।